ਬਿਊਰੋ ਰਿਪੋਰਟ (25 ਸਤੰਬਰ, 2025): ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਉਸਦੀ ਨਵੀਂ ਫਿਲਮ ਦੇ ਟ੍ਰੇਲਰ ਵਿੱਚ ਉਸਨੂੰ ਸ਼ਰਾਬ ਪੀਂਦੀ ਅਤੇ ਸਿਗਰਟ ਫੜੀ ਹੋਈ ਦਿਖਾਈ ਦਿੱਤੀ ਹੈ। ਪੰਜਾਬ ਕਲਾਕਾਰ ਮੰਚ ਨੇ ਇਸ ਬਾਰੇ ਸਵਾਲ ਖੜ੍ਹੇ ਕੀਤੇ ਹਨ। ਮੰਚ ਦੇ ਸਰਪ੍ਰਸਤ ਸੁਖਮਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਇੱਕ ਮੈਂਬਰ ਨੇ ਵੀ ਸਿਗਰਟਨੋਸ਼ੀ ਦੇ ਪ੍ਰਚਾਰ ’ਤੇ ਇਤਰਾਜ਼ ਜਤਾਇਆ ਹੈ।
ਪੂਰਾ ਮਾਮਲਾ
ਇੱਕ ਹਫ਼ਤਾ ਪਹਿਲਾਂ, ਨਵੀਂ ਪੰਜਾਬੀ ਫ਼ਿਲਮ, ਨਿੱਕਾ ਜੈਲ਼ਦਾਰ 4, ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਇਸ ਵਿੱਚ ਸੋਨਮ ਬਾਜਵਾ ਅਤੇ ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਵਿੱਚ, ਸੋਨਮ ਬਾਜਵਾ ਨੂੰ ਇੱਕ ਸ਼ਰਾਬੀ ਨੂੰਹ ਵਜੋਂ ਦਰਸਾਇਆ ਗਿਆ ਹੈ। ਲਗਭਗ ਤਿੰਨ ਮਿੰਟ ਦੇ ਟ੍ਰੇਲਰ ਵਿੱਚ ਸੋਨਮ ਬਾਜਵਾ ਨੂੰ ਕਈ ਵਾਰ ਸ਼ਰਾਬ ਪੀਂਦੇ ਹੋਏ ਦਿਖਾਇਆ ਗਿਆ ਹੈ। ਇੱਕ ਦ੍ਰਿਸ਼ ਵਿੱਚ, ਉਸਨੇ ਇੱਕ ਸਿਗਰਟ ਵੀ ਫੜੀ ਹੋਈ ਹੈ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਹੋਏ ਹਨ।
ਸਿੱਖ ਮਰਿਆਦਾ ਦੀ ਉਲੰਘਣਾ ਦੇ ਇਲਜ਼ਾਮ
ਪੰਜਾਬ ਕਲਾਕਾਰ ਮੰਚ ਦੇ ਸਰਪ੍ਰਸਤ ਸੁਖਮਿੰਦਰਪਾਲ ਸਿੰਘ ਨੇ ਕਿਹਾ, “ਅਸੀਂ ਹੜ੍ਹਾਂ ਦੌਰਾਨ ਮਦਦ ਕਰਨ ਵਾਲੇ ਕਲਾਕਾਰਾਂ ਦੀ ਸ਼ਲਾਘਾ ਕਰਦੇ ਹਾਂ। ਹਾਲਾਂਕਿ, ਕੁਝ ਕਲਾਕਾਰ ਚੰਗਾ ਕੰਮ ਕਰਦੇ ਹੋਏ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਸੋਨਮ ਬਾਜਵਾ ਨੂੰ ਇੱਕ ਸਿੱਖ ਪਰਿਵਾਰ ਦੀ ਨੂੰਹ ਵਜੋਂ ਸਿਗਰਟ ਫੜੀ ਹੋਈ ਦਿਖਾਇਆ ਗਿਆ ਹੈ। ਇਹ ਸਿੱਖ ਔਰਤਾਂ ਅਤੇ ਸਿੱਖ ਸਿਧਾਂਤਾਂ ਦਾ ਅਪਮਾਨ ਹੈ।” ਉਨ੍ਹਾਂ ਕਿਹਾ ਕਿ ਕੇਂਦਰੀ ਅਤੇ ਸੈਂਸਰ ਬੋਰਡ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
SGPC ਮੇ ਸਿਗਰਟਨੋਸ਼ੀ ’ਤੇ ਜਤਾਇਆ ਇਤਰਾਜ
ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, “ਮੈਂ ਫਿਲਮ ਨਹੀਂ ਦੇਖੀ, ਪਰ ਅਸੀਂ ਵੱਡੇ-ਵੱਡੇ ਪੋਸਟਰ ਲਗਾਉਂਦੇ ਹਾਂ ਕਿ ਸਿਗਰਟਨੋਸ਼ੀ ਸਿਹਤ ਲਈ ਹਾਨੀਕਾਰਕ ਹੈ। ਇਨ੍ਹਾਂ ਚੀਜ਼ਾਂ ਦਾ ਪ੍ਰਚਾਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਲੋਕਾਂ ਨੂੰ ਸ਼ਰਾਬ ਪੀਂਦੇ ਅਤੇ ਸਿਗਰਟਨੋਸ਼ੀ ਕਰਦੇ ਦਿਖਾਉਣਾ ਗ਼ਲਤ ਹੈ। ਜੇਕਰ ਉਹ ਸਿੱਖ ਪਹਿਰਾਵੇ ਵਿੱਚ ਅਜਿਹਾ ਕਰ ਰਹੀ ਹੈ, ਤਾਂ ਇਹ ਬਹੁਤ ਗ਼ਲਤ ਹੈ।”