Khetibadi Punjab

CM ਮਾਨ ਨੇ ਕਿਸਾਨਾਂ ਲਈ ਕਰ ਦਿੱਤਾ ਵੱਡਾ ਐਲਾਨ, ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਲਣਗੇ ਮੁਫ਼ਤ ਬੀਜ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਠੋਸ ਮਾਨਵਤਾਵਾਦੀ ਉਪਰਾਲੇ ਤਹਿਤ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲਗਪਗ ਪੰਜ ਲੱਖ ਏਕੜ ਰਕਬੇ ਵਿੱਚ ਆਪਣੀ ਫ਼ਸਲ ਗੁਆਉਣ ਵਾਲੇ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਕਣਕ ਦੇ ਕਣਕ ਦਾ ਬੀਜ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ।

ਆਪਣੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਮਾਨ ਨੇ ਕਿਹਾ ਕਿ ਕੁਦਰਤੀ ਆਫ਼ਤ ਕਰਕੇ ਪੰਜਾਬ ਇਸ ਸਮੇਂ ਸੰਕਟ ਵਿੱਚੋਂ ਲੰਘ ਰਿਹਾ ਹੈ। ਹੜ੍ਹ ਕਾਰਨ 5 ਲੱਖ ਏਕੜ ਫ਼ਸਲ ਖਰਾਬ ਹੋ ਗਈ ਹੈ ਤੇ ਕਿਸਾਨ ਇਸ ਹਾਲਤ ਵਿੱਚ ਨਹੀਂ ਹੈ ਕਿ ਉਹ ਬੀਜ ਖਰੀਦ ਸਕੇ। ਇਸ ਲਈ ਸਰਕਾਰ ਨੇ 5 ਲੱਖ ਏਕੜ ਖੇਤਾਂ ਲਈ ਕਣਕ ਦਾ ਬੀਜ ਮੁਫ਼ਤ ਉਪਲੱਬਧ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜਿਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਇੰਟਲ ਬੀਜ ਮੁਫ਼ਤ ਦਿੱਤਾ ਜਾਵੇਗਾ। ਅਸੀਂ ਸੂਬੇ ਦੇ ਕਿਸਾਨਾਂ ਨੂੰ ਮੁੜ ਤੋਂ ਪੈਰਾਂ ‘ਤੇ ਖੜ੍ਹਾ ਕਰਨ ਅਤੇ ਉਨ੍ਹਾਂ ਦੇ ਖੇਤਾਂ ਵਿੱਚ ਨਵੀਂ ਜ਼ਿੰਦਗੀ ਬੀਜਣ ਦਾ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ ਕਰ ਰਹੇ ਹਾਂ। ਇਸ ਔਖੀ ਘੜੀ ‘ਚ ਸਾਡੀ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।