Manoranjan Punjab

ਮਰਹੂਮ ਚਰਨਜੀਤ ਆਹੂਜਾ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

ਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ (74) ਦਾ ਅੰਤਿਮ ਸੰਸਕਾਰ ਅੱਜ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿੱਚ ਦੁਪਹਿਰ 1 ਵਜੇ ਹੋਵੇਗਾ। ਉਨ੍ਹਾਂ ਦਾ ਐਤਵਾਰ ਨੂੰ ਘਰ ਵਿੱਚ ਦੇਹਾਂਤ ਹੋ ਗਿਆ, ਜਦੋਂ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਆਹੂਜਾ ਦੇ ਤਿੰਨ ਪੁੱਤਰ ਹਨ, ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਸਚਿਨ ਆਹੂਜਾ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਮੁੱਖ ਹਸਤੀ ਹਨ ਅਤੇ ਉਨ੍ਹਾਂ ਦਾ ਆਪਣਾ ਸਟੂਡੀਓ ਵੀ ਹੈ।

ਚਰਨਜੀਤ ਆਹੂਜਾ ਨੂੰ ਪੰਜਾਬੀ ਸੰਗੀਤ ਦਾ ਸ਼ਿਲਪਕਾਰ ਮੰਨਿਆ ਜਾਂਦਾ ਸੀ, ਜਿਨ੍ਹਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਨੂੰ ਨਵੀਂ ਪਛਾਣ ਦਿੱਤੀ। ਉਨ੍ਹਾਂ ਦੀਆਂ ਸੁਰਾਂ ਨੇ ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਵਰਗੇ ਗਾਇਕਾਂ ਨੂੰ ਪ੍ਰਸਿੱਧੀ ਦਿਵਾਈ। ਕਈ ਗਾਇਕਾਂ ਨੇ ਉਨ੍ਹਾਂ ਦੇ ਸੰਗੀਤ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕੁਝ ਸੁਪਰਸਟਾਰ ਬਣੇ।

ਉਨ੍ਹਾਂ ਦੀਆਂ ਸੁਰਾਂ ਅੱਜ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ।ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੋਸਾਂਝ, ਅਦਾਕਾਰਾ ਨਿਰਮਲ ਰਿਸ਼ੀ, ਮਾਸਟਰ ਸਲੀਮ ਸਮੇਤ ਕਈ ਕਲਾਕਾਰਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ।