ਬਿਊਰੋ ਰਿਪੋਰਟ (19 ਸਤੰਬਰ 2025): ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਹਾਲ ਵਿੱਚ ਇੱਕ ਖ਼ਬਰ ਚੈਨਲ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਸ਼ਿਆਰਪੁਰ ਘਟਨਾ ਮਾਮਲੇ ’ਚ ਪ੍ਰਵਾਸੀਆਂ ਖ਼ਿਲਾਫ਼ ਨਫ਼ਰਤ ਨਾ ਫੈਲਾਉਣ। ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਤਬਾਹੀ ਨਾਲ ਜੂਝ ਰਿਹਾ ਹੈ ਅਤੇ ਇਸੇ ਦੌਰਾਨ ਹੁਸ਼ਿਆਰਪੁਰ ਵਿੱਚ ਛੋਟੇ ਬੱਚੇ ਨਾਲ ਦੁਰਵਿਵਹਾਰ ਦੀ ਘਟਨਾ ਨੇ ਸੂਬੇ ਭਰ ਵਿੱਚ ਰੋਹ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਪਰ ਨਾਲ ਹੀ ਪ੍ਰਵਾਸੀ ਭਾਈਚਾਰੇ ਖ਼ਿਲਾਫ਼ ਸਮੂਹਕ ਨਫ਼ਰਤ ਫੈਲਾਉਣ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ।
ਆਗੂ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਤੇ ਰਜਿਸਟ੍ਰੇਸ਼ਨ ਪ੍ਰਣਾਲੀ ਮਜ਼ਬੂਤ ਬਣਾਈ ਜਾਵੇ, ਤਾਂ ਜੋ ਸੁਰੱਖਿਆ ਵੀ ਬਣੀ ਰਹੇ ਅਤੇ ਬੇਗੁਨਾਹ ਲੋਕਾਂ ਨਾਲ ਅਨਿਆਂ ਵੀ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਜ਼ਬਾਤੀ ਹੋ ਕੇ ਕਿਸੇ ਵੀ ਵਰਗ ਖ਼ਿਲਾਫ਼ ਤਣਾਅ ਪੈਦਾ ਕਰਨ ਦੀ ਬਜਾਏ ਏਕਤਾ ਨਾਲ ਕਾਨੂੰਨੀ ਕਾਰਵਾਈ ਦੀ ਮੰਗ ਕਰੋ। ਅਸੀਂ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਦੋਸ਼ੀ ਹੈ ਉਸਨੂੰ ਸਜ਼ਾ ਮਿਲੇ, ਪਰ ਸਾਰੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਪ੍ਰਵਾਸੀ ਇਸ ਘਟਨਾ ਲਈ ਜ਼ਿੰਮੇਵਾਰ ਮੰਨੇ ਜਾਣ। ਉਨ੍ਹਾਂ ਕਿਹਾ ਕਿ “ਪੰਜਾਬ ਦੀ ਖੇਤੀ ਤੇ ਇੰਡਸਟਰੀ ਪ੍ਰਵਾਸੀਆਂ ਦੇ ਯੋਗਦਾਨ ‘ਤੇ ਟਿਕੀ ਹੈ। ਜੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਪੰਜਾਬ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਵੇਗਾ।”
ਉਨ੍ਹਾਂ ਕਿਹਾ – “ਇਹ ਠੀਕ ਹੈ ਅਦਾਲਤ ਤੋਂ ਮੰਗ ਕਰਨੀ ਬਣਦੀ ਐ ਬਈ ਜਿਹੜਾ ਦੋਸ਼ੀ ਐ ਉਹਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਏ। ਪਰ ਇਹਦਾ ਮਤਲਬ ਇਹ ਨਹੀਂ ਬਈ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਐ। ਇਹ ਸਾਨੂੰ ਸਮਝਣਾ ਪਏਗਾ ਅੱਜ ਪੰਜਾਬ ਦੀ ਸਥਿਤੀ ਕੀ ਐ। ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿਰ ’ਤੇ ਚੱਲਦੀ ਐ, ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਐ। ਜੇ ਤੁਸੀਂ ਇਸ ਜਿਹਨਾਂ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀ ਐ, ਇਸ ਪਾਸੇ ਰੌਲਾ ਪਾਇਆ ਪ੍ਰਵਾਸੀਆਂ ਨੂੰ ਕੱਢੋ, ਪ੍ਰਵਾਸੀਆਂ ਨੂੰ ਕੱਢੋ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੇ ਇੱਥੋਂ ਇੱਥੋਂ ਪ੍ਰਵਾਸੀ ਚਲੇ ਜਾਂਦੇ ਨੇ, ਖੇਤੀ ਔਰ ਇੰਡਸਟਰੀ ਦੋਹਾਂ ਦਾ ਭੱਠਾ ਬੈਠ ਜਾਏਗਾ, ਇਹਦਾ ਮਤਲਬ ਪੰਜਾਬ ਦਾ ਭੱਠਾ ਬੈਠ ਜਾਏਗਾ।”
“ਜਿਹੜੇ ਕੁਝ ਗ਼ਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ। ਇਹ ਤੁਹਾਡਾ ਹੱਕ ਬਣਦਾ ਐ ਅਸੀਂ ਸਾਰੇ ਰਲ ਕੇ ਕਰੀਏ। ਇਹ ਵੀ ਮੰਗ ਕਰੀਏ ਬਈ ਜਿੰਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਾਉਣ, ਉਹਨਾਂ ਦੀ ਵੈਰੀਫਿਕੇਸ਼ਨ ਹੋਵੇ, ਪਤਾ ਹੋਵੇ ਕਿੱਥੋਂ ਆਇਆ ਕਿਹੋ ਜਿਹਾ ਬੰਦਾ ਐ। ਪਰ ਇਹ ਕਹਿਣਾ ਇੱਕ ਮੁਹਿੰਮ ਦੇ ਤੌਰ ’ਤੇ ਮਾਹੌਲ ਸਰ-ਚਾਰਜ ਕਰਨਾ ਬਈ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਵਿੱਚੋਂ ਤਾਂ ਮੈਂ ਸਮਝਦਾ ਅਸੀਂ ਆਪਣੇ ਪੈਰ ਕੁਹਾੜਾ ਆਪ ਮਾਰ ਰਹੇ ਹਾਂ। ਤੁਸੀਂ ਜੇ ਸਾਰੀ ਸਟੇਟਸ ਨੂੰ ਘੋਖੋਗੇ, ਤੁਹਾਡੇ ਕਿੰਨੇ ਬਾਹਰ ਬੈਠੇ ਨੇ? ਉਹਨਾਂ ਦਾ ਕੀ ਹੋਏਗਾ? ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਭੇਜੀ ਜਾਂਦੇ ਹੋ, ਉੱਥੇ ਪ੍ਰਵਾਸੀ ਨੇ। ਕੈਨੇਡਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਐ, ਅਮਰੀਕਾ ’ਚ ਵੀ ਇਹੋ ਜਿਹੀ ਆਵਾਜ਼ ਉੱਠਦੀ ਐ, ਇੰਗਲੈਂਡ ’ਚ ਵੀ ਇਹੋ ਜਿਹੀ ਆਵਾਜ਼ ਉੱਠਦੀ ਐ। ਤਾਂ ਫਿਰ ਸਾਰਿਆਂ ਨੂੰ ਪੰਜਾਬੀਆਂ ਨੂੰ ਜਿਹੜੇ ਚੰਗੇ ਵੈੱਲ ਸੈਟਲਡ ਨੇ, ਉਹਨਾਂ ਨੂੰ ਉੱਥੋਂ ਉਖਾੜ ਦੇਣੇ ਅਸੀਂ? ਉਸ ਮੁਹਿੰਮ ਨੂੰ ਅਸੀਂ ਹਵਾ ਦੇ ਰਹੇ ਹਾਂ ਜਿਹੜੀ ਮੁਹਿੰਮ ਪ੍ਰਵਾਸੀਆਂ ਦੇ ਨਾਂ ‘ਤੇ ਸਾਡੇ ਆਪਣੇ ਪਰਿਵਾਰ ਨੂੰ ਪੱਟਣ ਨੂੰ ਤੁਰੀ ਫਿਰਦੀ ਐ।”
“ਤੇ ਮੈਂ ਬੇਨਤੀ ਕਰਦਾਂ ਥੋੜ੍ਹਾ ਜਿਹਾ ਸਿਆਣੇ ਬਣੋ, ਸਾਡਾ ਪ੍ਰਵਾਸੀ ਭਰਾਵਾਂ ਤੋਂ ਬਿਨਾਂ ਨਹੀਂ ਸਰਦਾ। ਖੇਤੀ ਸਾਡੀ ਰੁਲ ਜਾਏਗੀ, ਇੰਡਸਟਰੀ ਸਾਡੀ ਰੁਲ ਜਾਏਗੀ, ਸਾਡੇ ਕੋਲ ਹੈ ਕੀ ਇੰਡਸਟਰੀ ਤੇ ਖੇਤੀ ਦੋ ਹੀ ਤਾਂ ਚੀਜ਼ਾਂ ਨੇ। ਤੇ ਜੇ ਇਹ ਵੀ ਰੋਲ ਦਿੱਤੀਆਂ ਆਪਣੇ ਆਪ ਤਾਂ ਫਿਰ ਕੀ ਬਚੇਗਾ? ਮੇਰੀ ਬੇਨਤੀ ਹੈ ਭਾਵੁਕ ਨਾ ਹੋਵੋ। ਅਸੀਂ ਮੰਗ ਕਰੀਏ ਜਿਹਨੇ ਕ੍ਰਾਈਮ ਕੀਤਾ ਹੈ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਔਰ ਸਰਕਾਰ ਦੀ ਜ਼ਿੰਮੇਵਾਰੀ ਆਇਦ ਕਰੀਏ ਬਈ ਜਿੰਨੇ ਪ੍ਰਵਾਸੀ ਇੱਥੇ ਰਹਿੰਦੇ ਨੇ ਉਹਨਾਂ ਦੇ ਕ੍ਰੀਡੈਂਸ਼ੀਅਲ ਵੈਰੀਫਾਈ ਕਰੋ, ਉਹਨਾਂ ਦਾ ਪਿਛੋਕੜ ਕੀ ਹੈ, ਕਿੱਥੇ ਉਹਨਾਂ ਦੀ ਵੈਰੀਫਿਕੇਸ਼ਨ ਕਰਨਾ ਸਰਕਾਰ ਦਾ ਕੰਮ ਹੈ, ਪੁਲਿਸ ਵੈਰੀਫਾਈ ਕਰੇ। ਪਰ ਇਹ ਨਹੀਂ ਬਈ ਅਸੀਂ ਇੱਕ ਮੁਹਿੰਮ ਚਲਾ ਕੇ ਮਾਹੌਲ ਨੂੰ ਤਣਾਓਪੂਰਨ ਬਣਾ ਕੇ ਇੱਥੇ ਹਾਲਾਤ ਖ਼ਰਾਬ ਕਰੀਏ। ਮੇਰੀ ਬੇਨਤੀ ਹੈ ਸਮਝੋ।”