ਬਿਊਰੋ ਰਿਪੋਰਟ (17 ਸਤੰਬਰ, 2025): ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅਤੇ ਪਾਕਿਸਤਾਨ ਦੇ ਓਲੰਪਿਕ ਚੈਂਪਿਅਨ ਅਰਸ਼ਦ ਨਦੀਮ ਹੁਣ ਟੋਕਿਓ ਵਿੱਚ ਵਰਲਡ ਐਥਲੈਟਿਕਸ ਚੈਂਪਿਅਨਸ਼ਿਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਦੋਵੇਂ ਖਿਡਾਰੀਆਂ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 84.50 ਮੀਟਰ ਤੋਂ ਵੱਧ ਦੂਰ ਭਾਲਾ ਸੁੱਟ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਖ਼ਿਤਾਬੀ ਮੁਕਾਬਲਾ ਭਲਕੇ ਵੀਰਵਾਰ ਨੂੰ ਹੋਵੇਗਾ।
ਗਰੁੱਪ-ਏ ਤੋਂ ਨੀਰਜ ਨੇ ਪਹਿਲੀ ਕੋਸ਼ਿਸ਼ ਵਿੱਚ 84.85 ਮੀਟਰ ਦੂਰ ਭਾਲਾ ਸੁੱਟ ਕੇ ਸਿੱਧਾ ਫਾਈਨਲ ਵਿੱਚ ਦਾਖਲਾ ਕਰ ਲਿਆ। ਦੂਜੇ ਪਾਸੇ, ਗਰੁੱਪ-ਬੀ ਤੋਂ ਨਦੀਮ ਨੂੰ ਫਾਈਨਲ ਤੱਕ ਪਹੁੰਚਣ ਲਈ ਤਿੰਨੋ ਅਟੈਂਪਟ ਲੱਗੇ। ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਉਹ 80 ਮੀਟਰ ਮਾਰਕ ਵੀ ਪਾਰ ਨਾ ਕਰ ਸਕੇ, ਪਰ ਤੀਸਰੇ ਅਟੈਂਪਟ ਵਿੱਚ 85.28 ਮੀਟਰ ਦਾ ਸ਼ਾਨਦਾਰ ਥ੍ਰੋਅ ਮਾਰ ਕੇ ਫਾਈਨਲ ਦਾ ਟਿਕਟ ਕੱਟ ਲਿਆ।
ਇਸ ਤੋਂ ਇਲਾਵਾ, ਭਾਰਤ ਦੇ ਇੱਕ ਹੋਰ ਜੈਵਲਿਨ ਥ੍ਰੋਅਰ ਸਚਿਨ ਯਾਦਵ ਨੇ ਭਾਵੇਂ ਡਾਇਰੈਕਟ ਕੁਆਲੀਫਿਕੇਸ਼ਨ ਮਾਰਕ ਨਹੀਂ ਹਾਸਲ ਕੀਤਾ, ਪਰ ਰੈਂਕਿੰਗ ਦੇ ਆਧਾਰ ‘ਤੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਸਚਿਨ ਨੇ ਆਪਣੇ ਤਿੰਨ ਅਟੈਂਪਟਾਂ ਵਿੱਚ ਕ੍ਰਮਵਾਰ 80.16 ਮੀਟਰ, 83.67 ਮੀਟਰ ਅਤੇ 82.63 ਮੀਟਰ ਦਾ ਪ੍ਰਦਰਸ਼ਨ ਕੀਤਾ।