Punjab

ਪੰਜਾਬ ‘ਚ ਫਿਰ ਬਦਲਿਆ ਮੌਸਮ, ਚੰਡੀਗੜ੍ਹ, ਮੁਹਾਲੀ ਸਮੇਤ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ

ਅੱਜ ਪੰਜਾਬ ਦੇ ਚੰਡੀਗੜ੍ਹ, ਮੁਹਾਲੀ, ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕਾ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ, ਐਤਵਾਰ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਬੱਦਲਵਾਈ ਦੀ ਸੰਭਾਵਨਾ ਹੈ। ਸਵੇਰੇ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿੰਦਾ ਹੈ, ਪਰ ਦੁਪਹਿਰ ਨੂੰ ਧੁੱਪ ਕਾਰਨ ਗਰਮੀ ਵਧ ਜਾਂਦੀ ਹੈ। 17 ਅਤੇ 18 ਸਤੰਬਰ ਨੂੰ ਵੀ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਪਟਿਆਲਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 34.5°C ਦਰਜ ਕੀਤਾ ਗਿਆ, ਜਦਕਿ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 24°C ਸੀ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਘਟਣ ਨਾਲ ਸੂਬਾ ਸਰਕਾਰ ਨੇ ਰਾਹਤ ਅਤੇ ਸਫਾਈ ਦੇ ਕੰਮ ਤੇਜ਼ ਕਰ ਦਿੱਤੇ ਹਨ। ਸਰਕਾਰੀ ਟੀਮਾਂ ਪਿੰਡਾਂ ਵਿੱਚ ਸਫਾਈ ਮੁਹਿੰਮ ਚਲਾਉਣਗੀਆਂ, ਤਾਂ ਜੋ ਨਾਗਰਿਕਾਂ ਨੂੰ ਰਾਹਤ ਮਿਲ ਸਕੇ।

ਪਹਾੜਾਂ ਵਿੱਚ ਮੀਂਹ ਰੁਕਣ ਨਾਲ ਪੰਜਾਬ ਵਿੱਚ ਜਨਜੀਵਨ ਆਮ ਵਾਂਗ ਹੋਣ ਲੱਗਾ ਹੈ। ਸਰਹੱਦੀ ਇਲਾਕਿਆਂ ਵਿੱਚ ਨੁਕਸਾਨ ਦਾ ਮੁਲਾਂਕਣ ਜਾਰੀ ਹੈ। ਪਿਛਲੇ ਹਫਤੇ ਤੋਂ ਹੜ੍ਹ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ, ਅਤੇ ਨਦੀਆਂ ਦਾ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ।