India Punjab

ਹਸਪਤਾਲ ’ਚ CM ਭਗਵੰਤ ਮਾਨ ਨੂੰ ਮਿਲਣ ਪੁੱਜੇ ਰਾਜਪਾਲ ਕਟਾਰੀਆ! “PM ਨੇ ਦੋ ਵਾਰ ਪੁੱਛਿਆ ਹਾਲ”

ਬਿਊਰੋ ਰਿਪੋਰਟ (ਮੁਹਾਲੀ, 10 ਸਤੰਬਰ 2025): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਛੇ ਦਿਨਾਂ ਤੋਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਠੀਕ ਹੋ ਰਹੀ ਹੈ ਅਤੇ ਰਿਪੋਰਟਾਂ ਵੀ ਆਮ ਆਈਆਂ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ। ਇਸ ਮੌਕੇ ’ਤੇ ਪੰਜਾਬ ਦੇ DGP ਗੌਰਵ ਯਾਦਵ ਅਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

ਰਾਜਪਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਪੰਜਾਬ ਦਾ ਦੌਰਾ ਕੀਤਾ ਸੀ ਅਤੇ 1600 ਕਰੋੜ ਰੁਪਏ ਦੀ ਟੋਕਨ ਰਕਮ ਜਾਰੀ ਕਰਨ ਦਾ ਐਲਾਨ ਕੀਤਾ ਹੈ। ਬਾਕੀ ਰਕਮ ਵੱਖ-ਵੱਖ ਏਜੰਸੀਆਂ ਵੱਲੋਂ ਨੁਕਸਾਨ ਦੇ ਮੁਲਾਂਕਣ ਤੋਂ ਬਾਅਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ 100% ਮੁਆਵਜ਼ਾ ਮਿਲੇਗਾ ਅਤੇ ਪ੍ਰਧਾਨ ਮੰਤਰੀ ਨੇ ਯਕੀਨੀ ਬਣਾਇਆ ਹੈ ਕਿ ਕਿਸੇ ਕਿਸਮ ਦੀ ਘਾਟ ਨਾ ਰਹੇ।

ਰਾਜਪਾਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ CM ਮਾਨ ਦੀ ਸਿਹਤ ਨੂੰ ਲੈ ਕੇ ਚਿੰਤਿਤ ਸਨ। ਉਨ੍ਹਾਂ ਦੋ-ਤਿੰਨ ਵਾਰ ਹਾਲ ਪੁੱਛਿਆ ਅਤੇ ਕਿਹਾ ਕਿ ਹੈਲੀਕਾਪਟਰ ਤੋਂ ਉਤਰਦੇ ਹੀ ਮੈਨੂੰ ਮਾਨ ਦੀ ਸਿਹਤ ਬਾਰੇ ਦੱਸਣਾ। ਇਸ ਵੇਲੇ CM ਦੀ ਤਬੀਅਤ ਬਿਹਤਰ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ।