India Khetibadi Punjab

ਪੰਜਾਬ ਵਿੱਚ ਹੜ੍ਹਾਂ ਕਾਰਨ ₹1 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ, ਕੇਂਦਰ ਵੱਲੋਂ ਸਿਰਫ਼ ₹1600 ਕਰੋੜ ਜਾਰੀ ਕਰਨ ’ਤੇ ਨਾਰਾਜ਼ਗੀ

ਬਿਊਰੋ ਰਿਪੋਰਟ (ਚੰਡੀਗੜ੍ਹ, 10 ਸਤੰਬਰ 2025): ਕਿਸਾਨਾਂ ਦੇ ਸੋਸ਼ਲ ਮੀਡੀਆ ਹੈਂਡਲ ‘ਟ੍ਰੈਕਟਰ 2 ਟਵਿੱਟਰ’ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਮੌਜੂਦਾ ਆਏ ਹੋਏ ਹੜ੍ਹਾਂ ਕਾਰਨ ₹1 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਪਰ ਕੇਂਦਰ ਸਰਕਾਰ ਵੱਲੋਂ ਸਿਰਫ਼ ₹1600 ਕਰੋੜ ਜਾਰੀ ਕੀਤੇ ਗੇ ਹਨ। ਇਸ ’ਤੇ ਲੋਕਾਂ ਵਿੱਚ ਗਹਿਰੀ ਨਾਰਾਜ਼ਗੀ ਹੈ ਅਤੇ ਇਸਨੂੰ ਹੜ੍ਹ ਪੀੜਤਾਂ ਨਾਲ ਧੱਕੇਸ਼ਾਹੀ ਤੇ ਅਪਮਾਨ ਦੱਸਿਆ ਜਾ ਰਿਹਾ ਹੈ।

ਰਿਪੋਰਟ ਅਨੁਸਾਰ:

  • ਲਗਭਗ 3 ਲੱਖ ਏਕੜ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਕਾਰਨ ਜ਼ਮੀਨ ਹੁਣ ਹਾੜੀ ਦੀ ਫ਼ਸਲ ਲਈ ਅਯੋਗ ਹੋ ਚੁੱਕੀ ਹੈ, ਜਦੋਂ ਤੱਕ ਖੇਤਾਂ ਵਿਚਲੀ ਮਿੱਟੀ ਦੀ ਪੂਰੀ ਸਫ਼ਾਈ ਨਹੀਂ ਹੁੰਦੀ। ਇਹ ਕੰਮ ਕਰਨ ਲਈ ਭਾਰੀ ਨਿਵੇਸ਼ ਦੀ ਲੋੜ ਹੋਵੇਗੀ।
  • ਖੇਤੀਬਾੜੀ-ਅਧਾਰਿਤ ਆਰਥਿਕਤਾ ਗੰਭੀਰ ਤਰੀਕੇ ਨਾਲ ਟੁੱਟ ਗਈ ਹੈ।
  • ਲਗਭਗ 2400 ਕਿਲੋਮੀਟਰ ਦਰਿਆਈ ਬੰਨ੍ਹ ਬਰਬਾਦ ਹੋ ਚੁੱਕੇ ਹਨ।
  • ਸੜਕਾਂ, ਬਿਜਲੀ ਅਤੇ ਹੋਰ ਜਨਤਕ ਬੁਨਿਆਦੀ ਢਾਂਚਾ ਵੀ ਖ਼ਰਾਬ ਹੋ ਗਿਆ ਹੈ।
  • ਕਰੀਬ 1200 ਪਿੰਡਾਂ ਵਿੱਚ ਨਿੱਜੀ ਜਾਇਦਾਦ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 

ਵਿਦਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਹੋਇਆ ਇਹ ਨੁਕਸਾਨ ਨਾ ਸਿਰਫ਼ ਖੇਤੀਬਾੜੀ, ਸਗੋਂ ਪੂਰੇ ਆਰਥਿਕ ਢਾਂਚੇ ਨੂੰ ਹਿਲਾ ਚੁੱਕਾ ਹੈ। ਅਜਿਹੇ ਸਮੇਂ ਕੇਂਦਰ ਵੱਲੋਂ ਦਿੱਤੀ ਗਈ ਰਕਮ ਸੂਬੇ ਅਤੇ ਹੜ੍ਹ ਪੀੜਤਾਂ ਦੇ ਨਾਲ ਨਿਆਂ ਨਹੀਂ ਕਰਦੀ।

ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਨੂੰ ਫੌਰੀ ਤੌਰ ’ਤੇ ਵੱਡੇ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਜੋ ਸੂਬੇ ਵਿੱਚ ਮੁੜ-ਵਸੇਬੇ ਅਤੇ ਬੁਨਿਆਦੀ ਢਾਂਚੇ ਦੀ ਬਹਾਲੀ ਹੋ ਸਕੇ।