India Punjab

CM ਭਗਵੰਤ ਮਾਨ ਦੀ ਸਿਹਤ ’ਚ ਸੁਧਾਰ, BJP ਲੀਡਰ ਸਿਰਸਾ ਨੇ ਕੀਤਾ ਵੱਡਾ ਖ਼ੁਲਾਸਾ

ਬਿਊਰੋ ਰਿਪੋਰਟ (ਚੰਡੀਗੜ੍ਹ, 9 ਸਤੰਬਰ 2025): ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 5 ਦਿਨਾਂ ਤੋਂ ਮੁਹਾਲੀ ਦੇ ਇੱਕ ਨਿੱਜੀ  ਹਸਪਤਾਲ ਵਿੱਚ ਦਾਖ਼ਲ ਹਨ। ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਅੱਜ ਜਾਂ ਕੱਲ੍ਹ ਤੱਕ ਉਨ੍ਹਾਂ ਨੂੰ ਛੁੱਟੀ ਮਿਲ ਸਕਦੀ ਹੈ।

ਇਸ ਦੌਰਾਨ, ਹਰਿਆਣਾ ਦੇ CM ਨਾਇਬ ਸੈਣੀ ਸਮੇਤ ਕਈ ਸੀਨੀਅਰ ਲੀਡਰ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ। ਉੱਧਰ, ਭਾਜਪਾ ਲੀਡਰ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਨੂੰ ਉਨ੍ਹਾਂ ਦੀ ਕੁਰਸੀ ਤੋਂ ਹਟਾਉਣ ਲਈ ਦਬਾਅ ਬਣਾਇਆ ਗਿਆ ਸੀ। ਹਾਲਾਂਕਿ ਸਿਰਸਾ ਨੇ ਇਹ ਵੀ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ CM ਮਾਨ ਦੇ ਨਾਲ ਖੜੇ ਹਾਂ।

ਸਿਰਸਾ ਦੇ ਦਾਅਵੇ

ਮਨਜਿੰਦਰ ਸਿਰਸਾ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਮਾਨ ਸਾਹਿਬ ਉੱਤੇ ਕੁਰਸੀ ਛੱਡਣ ਲਈ ਦਬਾਅ ਬਣਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਡਰ ਦੇ ਮਾਰੇ ਮਾਨ ਸਾਹਿਬ ਹਸਪਤਾਲ ’ਚ ਦਾਖ਼ਲ ਹੋ ਗਏ।

ਸਿਰਸਾ ਨੇ ਕਿਹਾ– “ਸਾਨੂੰ ਖੁਸ਼ੀ ਹੈ ਕਿ ਘੱਟੋ-ਘੱਟ ਉਨ੍ਹਾਂ ਦੀ ਕੁਰਸੀ ਤਾਂ ਬਚ ਗਈ। ਕੇਜਰੀਵਾਲ ਨੂੰ ਪੰਜਾਬ ਦੇ ਮਸਲਿਆਂ ਵਿੱਚ ਬੋਲਣ ਦਾ ਕੀ ਹੱਕ ਹੈ? ਜਦੋਂ ਦਿੱਲੀ ਤੋਂ ਹਾਰ ਗਏ ਤਾਂ ਪੰਜਾਬ ਭੱਜ ਆਏ, ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਗੁਜਰਾਤ ਭੱਜ ਗਏ। ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਕਿਉਂ ਹਟਾਉਣਾ ਚਾਹੁੰਦੇ ਹਨ? ਉਸਦਾ ਭਵਿੱਖ ਪੰਜਾਬ ਦੇ ਲੋਕ ਹੀ ਤੈਅ ਕਰਨਗੇ।”