ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਹੜ੍ਹ ਦਾ ਗੰਭੀਰ ਖਤਰਾ ਮੰਡਰਾ ਰਿਹਾ ਹੈ। ਪਿੰਡ ਸਸਰਾਲੀ ਨੇੜੇ ਧੁੱਸੀ ਬੰਨ੍ਹ ਵਿੱਚ ਪਿਛਲੇ 48 ਘੰਟਿਆਂ ਤੋਂ ਤਰੇੜਾਂ ਦਾ ਖਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਬੰਨ੍ਹ ਦਾ 16 ਫੁੱਟ ਹਿੱਸਾ ਢਹਿ ਗਿਆ, ਜਿਸ ਕਾਰਨ ਨੇੜਲੇ ਖੇਤਾਂ ਵਿੱਚ ਸਿੰਚਾਈ ਲਈ ਬਣਾਏ ਟਿਊਬਵੈੱਲਾਂ ਦੇ ਕਮਰੇ ਵਹਿ ਗਏ। ਪਾਣੀ ਅੱਗੇ ਵਧਦਿਆਂ ਮੁੱਖ ਬੰਨ੍ਹ ਤੋਂ 700 ਮੀਟਰ ਦੂਰ ਬਣਾਏ ਗਏ ਨਵੇਂ ਰਿੰਗ ਡੈਮ ਤੱਕ ਪਹੁੰਚ ਗਿਆ, ਜੋ ਪਾਣੀ ਦੇ ਤੇਜ਼ ਵਹਾਅ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਸੀ।
ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਮੁਰੰਮਤ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ, ਪਰ ਸਥਿਤੀ ਅਜੇ ਵੀ ਨਾਜ਼ੁਕ ਹੈ। ਜੇਕਰ ਬੰਨ੍ਹ ਟੁੱਟਦਾ ਹੈ, ਤਾਂ ਲੁਧਿਆਣਾ ਦੇ 14 ਪਿੰਡਾਂ—ਸਸਰਾਲੀ, ਬੂੰਤ, ਰਾਵਤ, ਹਵਾਸ, ਸੀਦਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸਾ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ ਅਤੇ ਮੇਹਰਬਾਨ—ਹੜ੍ਹ ਦੀ ਲਪੇਟ ਵਿੱਚ ਆ ਸਕਦੇ ਹਨ। ਇਸ ਤੋਂ ਇਲਾਵਾ, ਪਾਣੀ ਸ਼ਹਿਰੀ ਖੇਤਰਾਂ ਜਿਵੇਂ ਰਾਹੋਂ ਰੋਡ, ਟਿੱਬਾ ਰੋਡ, ਤਾਜਪੁਰ ਰੋਡ, ਨੂਰਵਾਲਾ ਰੋਡ ਅਤੇ ਸਮਰਾਲਾ ਚੌਕ ਤੱਕ ਪਹੁੰਚ ਸਕਦਾ ਹੈ। ਸਾਹਨੇਵਾਲ ਦੇ ਧਨਾਨਸੂ ਇਲਾਕੇ ਵਿੱਚ ਵੀ ਪਾਣੀ ਭਰਨ ਦੀ ਸੰਭਾਵਨਾ ਹੈ, ਜਿਸ ਨਾਲ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਹਨ।ਪ੍ਰ
ਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ। ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਲੋਕ ਸੁਚੇਤ ਰਹਿਣ, ਦੋ ਮੰਜ਼ਿਲਾ ਘਰਾਂ ਵਿੱਚ ਉੱਪਰਲੀ ਮੰਜ਼ਿਲ ‘ਤੇ ਰਹਿਣ, ਅਤੇ ਨੀਵੇਂ ਇਲਾਕਿਆਂ ਜਾਂ ਇੱਕ ਮੰਜ਼ਿਲਾ ਘਰਾਂ ਵਿੱਚ ਰਹਿਣ ਵਾਲੇ ਲੋਕ ਅਸਥਾਈ ਤੌਰ ‘ਤੇ ਸੁਰੱਖਿਅਤ ਥਾਵਾਂ ਜਾਂ ਰਾਹਤ ਕੈਂਪਾਂ ਵਿੱਚ ਚਲੇ ਜਾਣ। ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪਾਣੀ-ਰੋਧਕ ਬੈਗਾਂ ਵਿੱਚ ਰੱਖਣ ਅਤੇ ਬਜ਼ੁਰਗਾਂ, ਬੱਚਿਆਂ ਤੇ ਬਿਮਾਰ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਸੁਰੱਖਿਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੌਕੇ ‘ਤੇ ਜਾ ਕੇ ਮੁਰੰਮਤ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਬੰਨ੍ਹ ਦੇ ਟੁੱਟਣ ਦੀਆਂ ਅਫਵਾਹਾਂ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।ਭਾਖੜਾ ਡੈਮ ਦਾ ਪਾਣੀ ਦਾ ਪੱਧਰ 1678.40 ਫੁੱਟ ਦਰਜ ਕੀਤਾ ਗਿਆ, ਜੋ ਖਤਰੇ ਦੇ ਨਿਸ਼ਾਨ (1680 ਫੁੱਟ) ਤੋਂ ਥੋੜ੍ਹਾ ਹੇਠਾਂ ਹੈ। ਡੈਮ ਦੇ ਚਾਰੇ ਦਰਵਾਜ਼ੇ 10-10 ਫੁੱਟ ਖੋਲ੍ਹੇ ਗਏ ਹਨ, ਅਤੇ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿੱਚੋਂ 50 ਹਜ਼ਾਰ ਕਿਊਸਿਕ ਸਤਲੁਜ ਵਿੱਚ ਜਾ ਰਿਹਾ ਹੈ। ਰਾਹਤ ਦੀ ਗੱਲ ਹੈ ਕਿ ਪਾਣੀ ਦਾ ਨਿਕਾਸ ਘਟਾਇਆ ਗਿਆ ਹੈ, ਪਰ ਸਥਿਤੀ ਅਜੇ ਵੀ ਗੰਭੀਰ ਹੈ।