India Punjab Religion

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ PM ਮੋਦੀ ਨੂੰ ਲਿਖੀ ਚਿੱਠੀ, ਵੱਡੇ ਆਰਥਿਕ ਪੈਕੇਜ ਦੀ ਕੀਤੀ ਮੰਗ

ਬਿਊਰੋ ਰਿਪੋਰਟ (ਅੰਮ੍ਰਿਤਸਰ, 5 ਸਤੰਬਰ 2025): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਚਿੱਠੀ ਵਿੱਚ ਪੰਜਾਬ ਦੇ ਤਾਜ਼ਾ ਹਲਾਤਾਂ ਦਾ ਜ਼ਿਕਰ ਕੀਤਾ ਹੈ ਅਤੇ ਪੰਜਾਬ ਲਈ ਹਾਲਾਤਾਂ ਨੂੰ ਵੇਖਦਿਆਂ ਇੱਕ ਵੱਡੇ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਅੱਜ ਹੜ੍ਹ ਦੀ ਮਾਰ ਨਾਲ ਪੰਜਾਬ ਪੂਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰੀ ਅੰਕੜੇ ਨੂੰ ਪੇਸ਼ ਕਰਦੇ ਹੋਏ ਪੰਜਾਬ ਦੇ ਹਾਲਤਾਂ ਨੂੰ ਲੈਕੇ ਕੇਂਦਰ ਨੂੰ ਜਾਣੂ ਕਰਵਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਅੰਕੜੇ ਪੇਸ਼ ਕਰਦੇ ਹੋਏ ਜਾਣਕਾਰੀ ਦਿੱਤੀ ਕਿ,

ਪ੍ਰਭਾਵਿਤ ਪਿੰਡਾਂ ਦੀ ਗਿਣਤੀ – 1655

ਪ੍ਰਭਾਵਿਤ ਲੋਕਾਂ ਦੀ ਗਿਣਤੀ – 3 ਲੱਖ 55 ਹਜ਼ਾਰ ਤੋਂ ਵੱਧ

ਮੌਤਾਂ ਦੀ ਗਿਣਤੀ – 37

ਖੇਤੀਯੋਗ ਪ੍ਰਭਾਵਿਤ ਰਕਬਾ – 4 ਲੱਖ 38 ਹਜ਼ਾਰ ਏਕੜ ਤੋਂ ਵੱਧ ਹੈ।

ਓਹਨਾ ਕਿਹਾ ਕਿ ਇਹ ਅੰਕੜੇ 3 ਸਤੰਬਰ ਦੇਰ ਸ਼ਾਮ ਤੱਕ ਦੇ ਹਨ, ਜਦੋਂ ਅਗਲੇ ਦਿਨਾਂ ਵਿੱਚ ਨੁਕਸਾਨ ਦਾ ਅੰਕੜਾ ਹੋਰ ਵਧਿਆ ਹੈ

ਆਪਣੇ ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਤੋ ਵੱਡੇ ਆਰਥਿਕ ਮੰਗ ਕੀਤੀ। ਓਹਨਾ ਕਿਹਾ ਕਿ,ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ, ਅਸੀਂ ਤੁਹਾਡੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਹੇਠ ਲਿਖੇ ਉਪਾਵਾਂ ਰਾਹੀਂ ਪੰਜਾਬ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇ:

1 ਤੁਰੰਤ ਰਾਹਤ ਪੈਕੇਜ: ਹੜ੍ਹ-ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਵਿੱਤੀ ਮਦਦ, ਰੋਜ਼ਾਨਾ ਜ਼ਿੰਦਗੀ ਦੀ ਜਰੂਰਤ ਲਈ ਵਸਤਾਂ, ਅਸਥਾਈ ਰਿਹਾਇਸ਼ ਦੀ ਸਹੂਲਤ।

2. ਖੇਤੀਬਾੜੀ ਅਧੀਨ ਮੁਆਵਜ਼ਾ ਹੜ੍ਹ ਨਾਲ ਸਮਾਪਤ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ, ਮਜ਼ਦੂਰਾਂ ਦੇ ਘਰਾਂ ਦਾ ਪੂਰਾ ਮੁਆਵਜ਼ਾ ਅਤੇ ਰੋਜ਼ਾਨਾ ਲਈ ਗੁਜਾਰਾ ਭੱਤਾ, ਖਰਾਬ ਖੇਤੀ ਯੰਤਰਾਂ, ਟਿਊਬਵੈੱਲਾਂ ਅਤੇ ਪਸ਼ੂ ਧਨ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ। ਇਸ ਤੋਂ ਇਲਾਵਾ ਹੜ ਦੇ ਪਾਣੀ ਸੁੱਕਣ ਤੋ ਬਾਅਦ ਖੇਤਾਂ ਵਿੱਚ ਭਰੀ ਮਿੱਟੀ ਨੂੰ ਚੁੱਕਣ ਅਤੇ ਖੇਤਾਂ ਨੂੰ ਮੁੜ ਆਬਾਦ ਕਰਨ ਲਈ ਪ੍ਰਤੀ ਏਕੜ ਲੋੜੀਂਦੇ ਡੀਜ਼ਲ ਤੇ 100 ਫ਼ੀਸਦ ਸਬਸਿਡੀ ਦਿੱਤੀ ਜਾਵੇ ਤੇ ਅਗਲੀ ਫ਼ਸਲ ਲਈ ਬੀਜ ਖਾਦਾਂ ਮੁਫ਼ਤ ਮੁਹੱਈਆ ਕਰਵਾਏ ਜਾਣ।

3. ਜਨਤਕ ਸੇਵਾਵਾਂ ਲਈ ਫੰਡ ਦੀ ਮੰਗ: ਟੁੱਟੀਆਂ ਸੜਕਾਂ, ਸਕੂਲਾਂ, ਪੁਲਾਂ, ਬਿਜਲੀ, ਪਾਣੀ ਸਪਲਾਈ ਅਤੇ ਸਿਹਤ ਸੇਵਾਵਾਂ ਦੀ ਮੁੜ-ਮੁਰੰਮਤ ਲਈ ਫੰਡ। ਇਸ ਤੋਂ ਇਲਾਵਾ ਅਨਾਜ ਮੰਡੀਆਂ ਦੀ ਦਰੁਸਤੀ ਲਈ ਯੋਗ ਕਦਮ ਉਠਾਏ ਜਾਣ ਦੀ ਮੰਗ।

4. ਕੇਂਦਰੀ ਰਾਹਤ ਫੌਜ ਦੀ ਤਾਇਨਾਤੀ: ਐਨ.ਡੀ.ਆਰ.ਐਫ. ਅਤੇ ਫੌਜੀ ਯੂਨਿਟਾਂ ਵੱਲੋਂ ਰਾਹਤ, ਬਚਾਅ ਕਾਰਜ, ਦਵਾਈਆਂ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ ਚ ਹੋਰ ਤੇਜ਼ੀ ਦੀ ਜ਼ਰੂਰਤ।

5. ਹੜ੍ਹ ਪ੍ਰਬੰਧਨ ਦੀ ਮੰਗ: ਦਰਿਆਵਾਂ ਦੇ ਕੰਢੇ ਪੱਕੇ ਤੇ ਮਜ਼ਬੂਤ ਕਰਨ, ਹੜ੍ਹ ਕੰਟਰੋਲ ਢਾਂਚੇ ਬਣਾਉਣ ਅਤੇ ਸਥਾਈ ਹੜ੍ਹ ਫੰਡ ਸਥਾਪਤ ਕਰਨ ਲਈ ਯੋਜਨਾ।

6. ਕਰਜ਼ ਰਾਹਤ ਮੰਗ: ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਦੇ ਕਰਜ਼ੇ ਮੁਆਫ਼ੀ ਕੀਤੇ ਜਾਣ।

7. ਸਿਹਤ ਸਹਾਇਤਾ: ਹੜ੍ਹ-ਬਾਅਦ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੇਂਦਰੀ ਸਿਹਤ ਟੀਮਾਂ ਅਤੇ ਮੁਫ਼ਤ ਦਵਾਈਆਂ।

8. ਰਾਏਪੇਰੀਅਨ ਸਟੇਟ ਹੋਣ ਦੇ ਬਾਵਜੂਦ ਸਾਡਾ 75% ਪਾਣੀ ਬਿੰਨਾਂ ਕਿਸੇ ਰਾਇਲਟੀ ਦੇ ਦੂਸਰੇ ਸੂਬਿਆਂ ਨੂੰ ਦਿੱਤਾ ਗਿਆ ਜੋ ਸੂਬੇ ਦੇ ਸੋਮੇ ਦੀ ਸਿੱਧੀ ਲੁੱਟ ਹੈ ਸਾਨੂੰ ਪੈਪਸੂ ਤੱਕ ਪੈਸਾ ਮਿਲਦਾ ਰਿਹਾ ਸੀ ਉਹ ਬਕਾਏ ਸਮੇਤ ਦਿਵਾਇਆ ਜਾਵੇ ਤਾਂ ਕਿ ਅੱਗੇ ਤੋਂ ਅਸੀ ਪ੍ਰਬੰਧ ਖੁੱਦ ਕਰ ਸਕੀਏ।

9. ⁠ਸੂਬੇ ਦੇ ਵੱਧ ਅਧਿਕਾਰਾਂ ਦੇ ਚੱਲਦੇ ਬੀਬੀਐਮਬੀ ਅਤੇ ਹੋਰ ਡੈਮਾਂ ਦਾ ਪ੍ਰਬੰਦ ਤੁਰੰਤ ਪੰਜਾਬ ਨੂੰ ਦਿੱਤਾ ਜਾਵੇ। ਜੇਕਰ ਅਜਿਹਾ ਹੁੰਦਾ ਤਾਂ ਹੋ ਸਕਦਾ ਹੈ ਕਿ ਇੰਨਾਂ ਨੁਕਸਾਨ ਨਾ ਹੁੰਦਾ।

10. ⁠ਹੜਾ ਤੋਂ ਬਾਅਦ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਹੜਾ ਤੋ ਬਚਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ।

11. ⁠ਸਾਲ 2023 ਵਿੱਚ ਵੀ ਇਸੇ ਤਰਾਂ ਨੁਕਸਾਨ ਹੋਇਆ ਸੀ ਉਸ ਸਮੇਂ ਵੀ ਫਸਲਾ ਤੇ ਘਰਾਂ ਆਦਿ ਦਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਸੋ ਜੋ ਪੰਜਾਬ ਨੂੰ ਦੇਣਾ ਹੈ ਬਕਾਇਦਾ ਪੰਜਾਬ ਦੇ ਲੋਕਾਂ ਨੂੰ ਮੀਡੀਆ ਰਾਹੀਂ ਦੱਸ ਕੇ ਦਿੱਤਾ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਵੱਲੋ ਪੂਰਨ ਆਸ ਪ੍ਰਗਟ ਕੀਤੀ ਗਈ ਕੇਂਦਰ ਸਰਕਾਰ ਪੰਜਾਬ ਦੇ ਤਾਜਾ ਹਲਾਤਾਂ ਨੂੰ ਵੇਖਦੇ ਹੋਏ ਜਲਦੀ ਹੀ ਵੱਡਾ ਆਰਥਿਕ ਪੈਕਜ ਦੇ ਕੇ ਲਾਜ਼ਮੀ ਤੌਰ ਤੇ ਪੰਜਾਬ ਦਾ ਖਿਆਲ ਰੱਖੇਗੀ।