Punjab Religion

ਹੜ੍ਹਾਂ ਦੇ ਸੰਕਟ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਅਪੀਲ, ਪੰਜਾਬੀ ਇੱਕਜੁਟ ਹੋ ਕੇ ਪੀੜਤਾਂ ਦੀ ਮਦਦ ਕਰਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਮੌਜੂਦਾ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਸਮੁੱਚੇ ਪੰਜਾਬੀਆਂ ਨੂੰ ਇੱਕਜੁਟ ਹੋ ਕੇ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕਰਨ ਦਾ ਸੰਦੇਸ਼ ਦਿੱਤਾ, ਜਿਸ ਨਾਲ ਪੰਜਾਬ ਦੀ ਧਰਤੀ ਮੁਹੱਬਤ ਅਤੇ ਇਤਫਾਕ ਦੀ ਪਛਾਣ ਬਣ ਸਕੇ। ਜਥੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮੁਸ਼ਕਿਲ ਸਮਿਆਂ ਵਿੱਚ ਗੁਰੂ ਸਾਹਿਬ ਦੀ ਕਿਰਪਾ ਅਤੇ ਆਪਸੀ ਸਹਿਯੋਗ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ ਹੈ।

ਜਥੇਦਾਰ  ਨੇ ਕਿਹਾ ਕਿ ਅੱਜ ਵੀ, ਹੜ੍ਹਾਂ ਦੇ ਇਸ ਸੰਕਟ ਵਿੱਚ, ਪੰਜਾਬੀ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ, ਜੋ ਸਾਬਤ ਕਰਦਾ ਹੈ ਕਿ ਔਖੇ ਸਮੇਂ ਵਿੱਚ ਵੀ ਸਾਡੀ ਏਕਤਾ ਅਤੇ ਸਹਾਇਤਾ ਦੀ ਭਾਵਨਾ ਅਡੋਲ ਰਹਿੰਦੀ ਹੈ।ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ, ਜਿਸ ਨਾਲ ਜਾਇਦਾਦ ਨੂੰ ਵੱਡਾ ਨੁਕਸਾਨ ਪਹੁੰਚਿਆ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਮਵੇਸ਼ੀਆਂ ਦੀ ਹਾਲਤ ਵੀ ਬੁਰੀ ਹੋ ਗਈ ਹੈ।

ਜਥੇਦਾਰ ਨੇ ਕਿਹਾ ਕਿ ਇਸ ਸਮੇਂ ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ ਅਤੇ ਮਵੇਸ਼ੀਆਂ ਨੂੰ ਚਾਰੇ ਦੀ ਕਮੀ ਨਾ ਹੋ। ਉਨ੍ਹਾਂ ਨੇ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮਦਦ ਲਈ ਅੱਗੇ ਆਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਜਥੇਬੰਦੀਆਂ ਨੇ ਲੰਗਰ ਅਤੇ ਹੋਰ ਸਹਾਇਤਾ ਸੇਵਾਵਾਂ ਸ਼ੁਰੂ ਕੀਤੀਆਂ ਹਨ, ਜੋ ਸ਼ਲਾਘਾਯੋਗ ਹਨ।

ਜਥੇਦਾਰ ਨੇ ਇਹ ਵੀ ਸਵਾਲ ਉਠਾਇਆ ਕਿ ਪੰਜਾਬ ਵਿੱਚ ਵਾਰ-ਵਾਰ ਹੜ੍ਹ ਕਿਉਂ ਆ ਰਹੇ ਹਨ ਅਤੇ ਇਸ ਦੇ ਅਸਲ ਕਾਰਨਾਂ ਨੂੰ ਸਾਹਮਣੇ ਲਿਆਉਣ ਦੀ ਮੰਗ ਕੀਤੀ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੁਸੀਬਤਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਾਣੀ ਉਤਰਨ ਤੋਂ ਬਾਅਦ ਹਾਲਾਤ ਹੋਰ ਮੁਸ਼ਕਿਲ ਹੋ ਸਕਦੇ ਹਨ, ਇਸ ਲਈ ਆਪਸੀ ਸਹਿਯੋਗ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਕੁਦਰਤ ਦਾ ਸਤਿਕਾਰ ਕਰਨ ਅਤੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਚੱਲਣ ਦੀ ਗੱਲ ਕਹੀ, ਜਿਸ ਵਿੱਚ ਕੁਦਰਤ ਨੂੰ ਪਿਆਰ ਕਰਨਾ ਅਤੇ ਇਸ ਦੀ ਸੰਭਾਲ ਕਰਨਾ ਸ਼ਾਮਲ ਹੈ।

ਜਥੇਦਾਰ ਨੇ ਕਿਹਾ ਕਿ ਮੁਸ਼ਕਿਲਾਂ ਆਉਂਦੀਆਂ-ਜਾਂਦੀਆਂ ਹਨ, ਪਰ ਇਸ ਸਮੇਂ ਕੀਤੀ ਮਦਦ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਅਤੇ ਮਨੁੱਖਤਾ ਦੇ ਪਿਆਰੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਜਿੱਥੇ ਹੜ੍ਹਾਂ ਦੀ ਮਾਰ ਸਭ ਤੋਂ ਵੱਧ ਹੈ, ਉੱਥੇ ਜ਼ਿੰਮੇਵਾਰੀ ਸੰਭਾਲ ਕੇ ਇੱਕ ਦੂਜੇ ਦੀ ਸਹਾਇਤਾ ਕਰੀਏ। ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜਾਬ ਜਲਦੀ ਹੀ ਇਸ ਸੰਕਟ ਵਿੱਚੋਂ ਨਿਕਲ ਆਵੇਗਾ।