ਬਿਊਰੋ ਰਿਪੋਰਟ (29 ਅਗਸਤ 2025): ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਭਾਰੀ ਮੀਂਹ ਦੌਰਾਨ ਮਣੀਮਹੇਸ਼ ਯਾਤਰਾ ਲਈ ਨਿਕਲੇ 11 ਸ਼ਰਧਾਲੂਆਂ ਦੀ ਲੈਂਡਸਲਾਈਡ ਵਿੱਚ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 3 ਪੰਜਾਬ ਦੇ, 1 ਉੱਤਰ ਪ੍ਰਦੇਸ਼ ਦਾ ਅਤੇ 5 ਚੰਬਾ ਦੇ ਰਹਿਣ ਵਾਲੇ ਹਨ। ਦੋ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ।
ਅਧਿਕਾਰੀਆਂ ਮੁਤਾਬਕ, ਇਹ ਮੌਤਾਂ ਪਹਾੜਾਂ ਤੋਂ ਪੱਥਰ ਡਿੱਗਣ ਅਤੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ। ਭਰਮੌਰ ਵਿੱਚ ਇਸ ਵੇਲੇ ਲਗਭਗ 3 ਹਜ਼ਾਰ ਮਣੀਮਹੇਸ਼ ਯਾਤਰੀ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਓਪਰੇਸ਼ਨ ਜਾਰੀ ਹੈ। ਪਿਛਲੇ ਹਫ਼ਤੇ ਵੀ ਲੈਂਡਸਲਾਈਡ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 9 ਲੋਕ ਲਾਪਤਾ ਹੋਏ ਸਨ।
ਇਸਦੇ ਨਾਲ ਹੀ, ਉੱਤਰਾਖੰਡ ਦੇ ਰੁਦ੍ਰਪ੍ਰਯਾਗ, ਚਮੋਲੀ ਅਤੇ ਟਿਹਰੀ ਗੜਵਾਲ ਜ਼ਿਲ੍ਹਿਆਂ ਵਿੱਚ ਵੀਰਵਾਰ ਰਾਤ ਬੱਦਲ ਫਟਣ ਕਾਰਨ ਕਈ ਲੋਕ ਲਾਪਤਾ ਹੋ ਗਏ ਹਨ। ਰੁਦ੍ਰਪ੍ਰਯਾਗ ਦੇ ਐਸਪੀ ਅਕਸ਼ੈ ਪ੍ਰਹਲਾਦ ਕੌਂਡੇ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਤੋਂ 70 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇੱਕ ਮਹਿਲਾ ਦੀ ਮੌਤ ਹੋ ਗਈ ਹੈ। 4 ਨੇਪਾਲੀ ਅਤੇ 4 ਸਥਾਨਕ ਸਮੇਤ 8 ਮਜ਼ਦੂਰ ਮਲਬੇ ਹੇਠਾਂ ਦੱਬੇ ਹੋਏ ਹਨ।
ਰੁਦ੍ਰਪ੍ਰਯਾਗ ਵਿੱਚ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਪਾਣੀ ਖ਼ਤਰਨਾਕ ਸਤਰ ਤੋਂ ਉੱਪਰ ਵਹਿ ਰਿਹਾ ਹੈ। ਕਈ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਬਦਰੀਨਾਥ ਹਾਈਵੇ ਅਲਕਨੰਦਾ ਨਦੀ ਵਿੱਚ ਡੁੱਬ ਜਾਣ ਕਾਰਨ ਸ੍ਰੀਨਗਰ-ਰੁਦ੍ਰਪ੍ਰਯਾਗ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਰੁਕੀ ਹੋਈ ਹੈ।
ਕੇਦਾਰਨਾਥ ਘਾਟੀ ਦੇ ਲਾਵਾਰਾ ਪਿੰਡ ਵਿੱਚ ਮੋਟਰ ਮਾਰਗ ’ਤੇ ਬਣਿਆ ਪੁਲ ਵੀ ਤੇਜ਼ ਭਾਵ ਵਿੱਚ ਵਹਿ ਗਿਆ ਹੈ। ਚਮੋਲੀ ਵਿੱਚ ਵੀ ਕਈ ਪਰਿਵਾਰਾਂ ਦੇ ਮਲਬੇ ਹੇਠਾਂ ਫਸੇ ਹੋਣ ਦੀ ਸੰਭਾਵਨਾ ਹੈ। ਅਚਾਨਕ ਆਈ ਬਾੜ੍ਹ ਨਾਲ ਵੱਡੇ ਪੱਥਰ ਘਰਾਂ ਨਾਲ ਟਕਰਾਏ ਹਨ, ਜਿਸ ਨਾਲ ਕਈ ਮਕਾਨਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।