Punjab

7 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ, ਲੋਕ ਫਸੇ, 30 ਤਰੀਕ ਤੱਕ ਸਾਰੇ ਸਕੂਲ ਬੰਦ

ਪੰਜਾਬ ਚ ਲਗਾਤਾਰ ਮੀਂਹ ਪੈਣ ਕਾਰਨ ਤੇ ਡੈਮਾ ਤੋਂ ਪਾਣੀ ਛੱਡਣ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ ’ਚ ਆ ਗਏ ਹਨ ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਬੁੱਧਵਾਰ ਨੂੰ ਜਿੱਥੇ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਭਗ 15 ਪਿੰਡ ਪ੍ਰਭਾਵਿਤ ਸਨ, ਹੁਣ ਇਹ ਅੰਕੜਾ 25 ਦੇ ਕਰੀਬ ਹੋ ਗਿਆ ਹੈ।

ਇੱਥੇ ਹੀ ਮੌਸਮ ਵਿਭਾਗ ਮੁਤਾਬਕ ਅੱਜਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।

ਰਾਵੀ ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧੇ ਕਾਰਨ ਅੰਮ੍ਰਿਤਸਰ ਦੇ ਕੁਝ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਅੱਜ ਸਵੇਰੇ ਇਹ ਐਲਾਨ ਕੀਤਾ।ਰਾਵੀ-ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 150 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ। ਇੱਥੇ ਬਚਾਅ ਕਾਰਜਾਂ ਲਈ ਐਨਡੀਆਰਐਫ, ਐਸਡੀਆਰਐਫ ਅਤੇ ਫੌਜ ਤਾਇਨਾਤ ਕੀਤੀ ਗਈ ਹੈ। ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ-ਨਾਲ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵੀ ਪਾਣੀ ਵਿੱਚ ਡੁੱਬ ਗਿਆ ਹੈ।

ਸੂਬੇ ਦੇ ਸਕੂਲ 30 ਤਰੀਕ ਤੱਕ ਬੰਦ
ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਰਾਜ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਸਾਰੇ ਸਕੂਲ ਪਹਿਲਾਂ ਹੀ 30 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ।

ਬੀਤੇ ਦਿਨ ਹੜ੍ਹ ਨੇ ਮਚਾਈ ਤਬਾਹੀ

ਬੁੱਧਵਾਰ ਸ਼ਾਮ ਨੂੰ ਰਾਵੀ ਦਰਿਆ ‘ਚ ਉਫਾਨ ਕਾਰਨ ਮਾਧੋਪੁਰ ਹੈਡਵਰਕਸ ਦਾ ਫਲੱਡ ਗੇਟ ਟੁੱਟ ਗਿਆ। ਇੱਥੇ 50 ਲੋਕ ਫਸ ਗਏ। ਇਨ੍ਹਾਂ ਨੂੰ ਕੱਢਣ ਲਈ ਆਰਮੀ ਦਾ ਹੈਲੀਕਾਪਟਰ ਬੁਲਾਣਾ ਪਿਆ। ਹੈਡਵਰਕਸ ਦੇ ਇੱਕ ਕਰਮਚਾਰੀ ਦਾ ਪਤਾ ਨਹੀਂ ਲੱਗ ਪਾ ਰਿਹਾ ਹੈ।

ਬੁੱਧਵਾਰ ਤੜਕੇ ਅਚਾਨਕ ਪਾਣੀ ਆਉਣ ਨਾਲ ਗੁਰਦਾਸਪੁਰ ਦੇ ਨਵੋਦਿਆ ਸਕੂਲ ‘ਚ ਬੱਚੇ ਤੇ ਅਧਿਆਪਕ ਫਸ ਗਏ। ਐਨਡੀਆਰਐਫ ਦੀ ਟੀਮ ਨੇ ਉਨ੍ਹਾਂ ਨੂੰ ਕਿਸ਼ਤੀਆਂ ਨਾਲ ਰੈਸਕਿਊ ਕੀਤਾ।

ਪਠਾਨਕੋਟ-ਜੰਮੂ ਹਾਈਵੇਅ ਨੇੜੇ ਨਹਿਰ ਟੁੱਟਣ ਨਾਲ ਪਾਣੀ ਹਾਈਵੇਅ ਦੇ ਉੱਪਰ ਤੋਂ ਵਹਿਣ ਲੱਗਾ। ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ‘ਚ ਵੀ ਪਾਣੀ ਆ ਗਿਆ।

ਸੀਐਮ ਭਗਵੰਤ ਮਾਨ ਨੇ ਪਠਾਨਕੋਟ ਤੇ ਗੁਰਦਾਸਪੁਰ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਆਪਣਾ ਹੈਲੀਕਾਪਟਰ ਇੱਥੇ ਹੀ ਛੱਡ ਦਿੱਤਾ, ਤਾਂ ਜੋ ਇਸ ਦਾ ਇਸਤੇਮਾਲ ਰੈਸਕਿਊ ਲਈ ਕੀਤਾ ਜਾ ਸਕੇ।