India International Punjab

ਅਸ਼ਵਨੀ ਸ਼ਰਮਾ ਦੀ ਵਿਦੇਸ਼ ਮੰਤਰਾਲੇ ਨੂੰ ਚਿੱਠੀ

ਅਮਰੀਕਾ ਵਿੱਚ ਫਲੋਰੀਡਾ ਵਿਖੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨਾਲ ਹੋਏ ਹਾਦਸੇ ਤੋਂ ਬਾਅਦ, ਅਮਰੀਕੀ ਪ੍ਰਸ਼ਾਸਨ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮਾਮਲੇ ਸੰਬੰਧੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਕੇਂਦਰ ਸਰਕਾਰ ਤੋਂ ਦਖਲ ਦੀ ਮੰਗ ਕੀਤੀ ਹੈ।

ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਇੱਕ ਘਟਨਾ ਦੀ ਸਜ਼ਾ ਪੂਰੇ ਪੰਜਾਬੀ ਭਾਈਚਾਰੇ ਨੂੰ ਨਾ ਮਿਲੇ। ਸ਼ਰਮਾ ਨੇ ਸੁਝਾਅ ਦਿੱਤਾ ਕਿ ਵਾਸ਼ਿੰਗਟਨ ਡੀ.ਸੀ. ਸਥਿਤ ਭਾਰਤੀ ਦੂਤਾਵਾਸ ਰਾਹੀਂ ਅਮਰੀਕੀ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰਕੇ ਟਰੱਕ ਡਰਾਈਵਰਾਂ ‘ਤੇ ਲੱਗੀਆਂ ਪਾਬੰਦੀਆਂ ‘ਤੇ ਮੁੜ ਵਿਚਾਰ ਕਰਵਾਇਆ ਜਾਵੇ।

ਉਨ੍ਹਾਂ ਨੇ ਹਰਜਿੰਦਰ ਸਿੰਘ ਟਰੱਕ ਡਰਾਈਵਰ ਲਈ ਕਾਨੂੰਨੀ ਅਤੇ ਕੌਂਸਲਰ ਸਹਾਇਤਾ ਦੀ ਮੰਗ ਕੀਤੀ, ਤਾਂ ਜੋ ਉਸ ਦਾ ਕੇਸ ਨਿਆਂਸੰਗਤ ਅਤੇ ਪਾਰਦਰਸ਼ੀ ਢੰਗ ਨਾਲ ਸੁਣਿਆ ਜਾ ਸਕੇ। ਸ਼ਰਮਾ ਨੇ ਚਿੱਠੀ ਵਿੱਚ ਜ਼ੋਰ ਦਿੱਤਾ ਕਿ ਪੰਜਾਬੀਆਂ ਨੇ ਅਮਰੀਕਾ ਵਿੱਚ ਮਿਹਨਤੀ ਅਤੇ ਜੀਵੰਤ ਭਾਈਚਾਰੇ ਵਜੋਂ ਪਛਾਣ ਬਣਾਈ ਹੈ।

ਉਹ ਟਰੱਕਿੰਗ ਤੋਂ ਇਲਾਵਾ ਖੇਤੀਬਾੜੀ, ਕਾਰੋਬਾਰ ਅਤੇ ਅਕਾਦਮਿਕ ਖੇਤਰਾਂ ਵਿੱਚ ਵੀ ਅਮਰੀਕਾ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਅਤੇ ਦ੍ਰਿੜ ਦਖਲ ਨਾਲ ਪੰਜਾਬ ਅਤੇ ਭਾਰਤ ਦੇ ਲੋਕਾਂ ਵਿੱਚ ਭਰੋਸਾ ਪੈਦਾ ਹੋਵੇਗਾ। ਇਹ ਕਦਮ ਭਾਰਤ ਸਰਕਾਰ ਦੀ ਪ੍ਰਵਾਸੀਆਂ ਦੀ ਭਲਾਈ, ਮਾਣ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰੇਗਾ।