ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਅਨੁਸਾਰ, ਕੇਂਦਰ ਸਰਕਾਰ ਨੇ ਪੰਜਾਬ ਦੇ 55 ਲੱਖ ਗਰੀਬ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇੱਕ ਪੋਸਟ ਸਾਂਝੀ ਕਰਦਿਆਂ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਚਿੱਠੀ ਲਿਖਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 1.53 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ ਸੀ, ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਇਹ ਸਹੂਲਤ ਖਤਮ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਹਰ ਤੀਜੇ ਗਰੀਬ ਪਰਿਵਾਰ ਦੀ ਰੋਟੀ ‘ਤੇ ਸਿੱਧਾ ਹਮਲਾ ਹੋ ਰਿਹਾ ਹੈ।
ਮਾਨ ਨੇ ਇਸ ਨੂੰ ਪੰਜਾਬ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਪਰਿਵਾਰਾਂ ਦੀਆਂ ਥਾਲੀਆਂ ‘ਤੇ ਹਮਲਾ ਕਰਾਰ ਦਿੱਤਾ।ਉਨ੍ਹਾਂ ਦੱਸਿਆ ਕਿ ਜੁਲਾਈ ਤੋਂ ਕੇਂਦਰ ਸਰਕਾਰ ਨੇ 23 ਲੱਖ ਲੋਕਾਂ ਦਾ ਰਾਸ਼ਨ eKYC ਨਾ ਕਰਵਾਉਣ ਦੇ ਬਹਾਨੇ ਰੋਕ ਦਿੱਤਾ ਅਤੇ ਸਤੰਬਰ ਤੋਂ 32 ਲੱਖ ਹੋਰ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਯੋਜਨਾ ਹੈ, ਇਹ ਕਹਿ ਕੇ ਕਿ ਇਹ ਲੋਕ ਗਰੀਬ ਨਹੀਂ ਹਨ। ਭਾਜਪਾ ਦਾ ਦਾਅਵਾ ਹੈ ਕਿ ਜਿਨ੍ਹਾਂ ਕੋਲ ਕਾਰ, 2.5 ਏਕੜ ਤੋਂ ਵੱਧ ਜ਼ਮੀਨ, ਆਮਦਨ ਟੈਕਸ ਜਾਂ ਪਰਿਵਾਰ ਵਿੱਚ ਕੋਈ ਨੌਕਰੀ ਵਾਲਾ ਵਿਅਕਤੀ ਹੈ, ਉਹ ਗਰੀਬ ਨਹੀਂ।
CM ਭਗਵੰਤ ਮਾਨ ਜੀ ਦਾ ਪੰਜਾਬੀਆਂ ਦੇ ਨਾਂ ਸੰਦੇਸ਼!
BJP ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। pic.twitter.com/NcxWeQGRMl
— AAP Punjab (@AAPPunjab) August 25, 2025
ਮਾਨ ਨੇ ਸਵਾਲ ਉਠਾਇਆ ਕਿ ਜੇ ਪਰਿਵਾਰ ਵਿੱਚ ਇੱਕ ਵਿਅਕਤੀ ਨੌਕਰੀ ਕਰਦਾ ਹੈ ਜਾਂ ਕਾਰ ਹੈ, ਤਾਂ ਕੀ ਪੂਰਾ ਪਰਿਵਾਰ ਅਮੀਰ ਹੋ ਜਾਂਦਾ ਹੈ? ਉਨ੍ਹਾਂ ਕਿਹਾ ਕਿ ਇਹ ਮਾਪਦੰਡ ਪੰਜਾਬ ਦੀ ਅਸਲੀਅਤ ਨੂੰ ਨਹੀਂ ਸਮਝਦੇ। ਮਾਨ ਨੇ ਆਰੋਪ ਲਾਇਆ ਕਿ ਦਿੱਲੀ ਵਿੱਚ ਏ.ਸੀ. ਕਮਰਿਆਂ ਵਿੱਚ ਬੈਠ ਕੇ ਭਾਜਪਾ ਸਰਕਾਰ ਪੰਜਾਬ ਦੇ ਗਰੀਬਾਂ ਦੀ ਰੋਟੀ ਦਾ ਹਿਸਾਬ ਲਗਾ ਰਹੀ ਹੈ, ਬਿਨਾਂ ਸਹੀ ਜਾਂਚ-ਪੜਤਾਲ ਦੇ।
ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਪਰਿਵਾਰਾਂ ਦੀ ਅਸਲ ਸਥਿਤੀ ਜਾਣਨ ਦਾ ਮੌਕਾ ਵੀ ਨਹੀਂ ਦਿੱਤਾ। ਇਹ ਫੈਸਲਾ ਪੰਜਾਬ ਤੋਂ ਬਦਲਾ ਲੈਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ, ਜੋ ਦੇਸ਼ ਦਾ ਢਿੱਡ ਭਰਦਾ ਹੈ, ਨੂੰ ਅਜਿਹੀ ਸਜ਼ਾ ਦੇਣਾ ਨਾ-ਇਨਸਾਫੀ ਹੈ।ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਹ ਮੁੱਖ ਮੰਤਰੀ ਹਨ, ਕਿਸੇ ਦਾ ਹੱਕ ਨਹੀਂ ਖੁੱਸੇਗਾ।
ਉਨ੍ਹਾਂ ਦੱਸਿਆ ਕਿ 1.29 ਕਰੋੜ ਲਾਭਪਾਤਰੀਆਂ ਦੀ eKYC ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਪੰਜਾਬ ਸਰਕਾਰ ਘਰ-ਘਰ ਜਾ ਕੇ ਪਰਿਵਾਰਾਂ ਦੀ ਸਥਿਤੀ ਦੀ ਜਾਂਚ ਕਰੇਗੀ। ਮਾਨ ਨੇ ਕੇਂਦਰ ਸਰਕਾਰ ਤੋਂ ਸਮਾਂ ਮੰਗਿਆ ਹੈ ਤਾਂ ਜੋ ਸਹੀ ਤਸਦੀਕ ਹੋ ਸਕੇ।ਉਨ੍ਹਾਂ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਇਹ ਲੜਾਈ ਸਿਰਫ ਰਾਸ਼ਨ ਦੀ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਮਾਣ-ਸਨਮਾਨ ਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਅਤੇ ਜੇ ਭਾਜਪਾ ਦੇ ਮੈਂਬਰ ਪਿੰਡਾਂ ਜਾਂ ਘਰਾਂ ਵਿੱਚ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਜਾਵੇ। ਮਾਨ ਨੇ ਵਾਅਦਾ ਕੀਤਾ ਕਿ ਕੋਈ ਚੁੱਲ੍ਹਾ ਨਹੀਂ ਬੁਝੇਗਾ, ਕੋਈ ਮਾਂ ਦੀ ਰਸੋਈ ਖਾਲੀ ਨਹੀਂ ਹੋਵੇਗੀ ਅਤੇ ਕੋਈ ਬੱਚਾ ਭੁੱਖਾ ਨਹੀਂ ਸੋਏਗਾ।