Punjab Religion

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਦਾ ਸਿੱਖ ਸੰਗਤ ਦੇ ਨਾਮ ‘ਤੇ ਸੰਦੇਸ਼

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ ਅਤੇ ਇਸ ਦਿਨ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਸਿਧਾਂਤਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਜਥੇਦਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟ ਦਾ ਜ਼ਿਕਰ ਕੀਤਾ, ਜਿਸ ਵਿੱਚ ਸਿੱਧਾਂ ਨੇ ਗੁਰੂ ਸਾਹਿਬ ਨੂੰ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਗੁਰੂ ਜੀ ਨੇ ਸਟੀਕ ਜਵਾਬ ਦਿੱਤਾ। ਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸਵਾਲ ਕੀਤੇ, ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।

ਸਿੱਧਾਂ ਨੇ ਹੈਰਾਨ ਹੋ ਕੇ ਪੁੱਛਿਆ, ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥  ਇਸ ਦਾ ਜਵਾਬ ਦਿੰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸ਼ਟ ਵਿੱਚ ਕਿਹਾ, “ਪਵਨ ਆਰੰਭ, ਸਤਿਗੁਰ ਮਤ ਵੇਲਾ, ਸਬਦ ਗੁਰੂ, ਸੁਰਤ ਧੁਨ ਚੇਲਾ।” ਉਨ੍ਹਾਂ ਨੇ ਸਮਝਾਇਆ ਕਿ ਮਨੁੱਖੀ ਜੀਵਨ ਸਵਾਸਾਂ ‘ਤੇ ਆਧਾਰਿਤ ਹੈ ਅਤੇ ਇਹ ਸਮਾਂ ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਮੱਤ ਲੈਣ ਲਈ ਮਿਲਿਆ ਹੈ। ਗੁਰੂ ਸ਼ਬਦ ਹੈ ਅਤੇ ਸੁਰਤ ਉਸ ਦਾ ਚੇਲਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਥਾਪਿਤ ਕੀਤਾ।

ਜਥੇਦਾਰ ਨੇ ਅੱਗੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ, ਜੋ ਪੰਜਵੇਂ ਗੁਰੂ ਸਨ, ਨੇ ਗੁਰਬਾਣੀ ਨੂੰ ਇਕੱਠੀ ਕਰਕੇ ਸੰਪਾਦਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਤਿਆਰ ਕਰਵਾਇਆ। ਇਹ ਕਾਰਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ 1604 ਈਸਵੀ ਵਿੱਚ ਪੂਰਾ ਹੋਇਆ। ਜਦੋਂ ਇਹ ਪਾਵਨ ਸਰੂਪ ਤਿਆਰ ਹੋਇਆ, ਤਾਂ ਬਾਬਾ ਬੁੱਢਾ ਜੀ ਨੇ ਇਸ ਨੂੰ ਆਪਣੇ ਸੀਸ ‘ਤੇ ਚੁੱਕ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਇਆ।

ਉਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਵਿੱਚ ਸੰਗਤ ਨੇ ਸ਼ਬਦ ਗਾਇਨ ਕਰਦਿਆਂ ਇਸ ਪਾਵਨ ਸਰੂਪ ਦਾ ਪਹਿਲਾ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੇ ਪਹਿਲਾ ਵਾਕ ਲਿਆ, ਜੋ ਸੂਹੀ ਮਹੱਲਾ ਪੰਜਵਾਂ ਸੀ: “ਸੰਤਾ ਕੇ ਕਾਰਜ ਆਪ ਖਲੋਇਆ, ਹਰਿ ਕੰਮ ਕਰਾਵਣ ਆਇਆ ਰਾਮ।” ਇਹ ਦਿਨ ਸਿੱਖ ਇਤਿਹਾਸ ਵਿੱਚ ਅਹਿਮ ਸੁਭਾਗਾ ਦਿਨ ਮੰਨਿਆ ਜਾਂਦਾ ਹੈ, ਜਦੋਂ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ।

ਜਥੇਦਾਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ, ਜਿਸ ਦੇ ਚਾਰ ਦਰਵਾਜ਼ੇ ਸਾਰੀ ਮਨੁੱਖਤਾ ਲਈ ਖੁੱਲ੍ਹੇ ਹਨ, ਜੋ ਸਮਾਨਤਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਿਤ ਕਰਕੇ ਸਿੱਖਾਂ ਨੂੰ ਗੁਰਬਾਣੀ ਦੇ ਲੜ ਨਾਲ ਜੋੜਿਆ। ਸ਼ਾਮ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ ਗਿਆ, ਤਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਪਾਵਨ ਸਰੂਪ ਨੂੰ ਕਿੱਥੇ ਬਿਰਾਜਮਾਨ ਕਰਨਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਲੰਘ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖਾਸਨ ਕਰਵਾਇਆ ਅਤੇ ਆਪ ਉਸ ਦੇ ਹੇਠਾਂ ਸੌਂ ਗਏ। ਅੱਜ ਵੀ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਇੱਕ ਚਾਦਰ ਵਿਛਾਈ ਜਾਂਦੀ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਜੀ ਨੇ ਗੁਰਬਾਣੀ ਨੂੰ ਸਰੀਰ ਤੋਂ ਵੀ ਉੱਚਾ ਦਰਜਾ ਦਿੱਤਾ।

ਜਥੇਦਾਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਅਤੇ ਗੁਰਬਾਣੀ ਦੇ ਅਨੁਸਾਰ ਜੀਵਨ ਜਿਊਣ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਗੱਲ ਕਰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਨਫ਼ਰਤ ਜਾਂ ਵਿਤਕਰੇ ਦੀ ਕੋਈ ਥਾਂ ਨਹੀਂ, ਸਗੋਂ ਮੁਹੱਬਤ ਅਤੇ ਸਮਾਨਤਾ ਸਿਖਾਈ ਜਾਂਦੀ ਹੈ। ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਦੇਸ਼ਾਂ ਵਿੱਚ ਕਈ ਸਿੱਖਾਂ ਨੂੰ ਗੁਰਦੁਆਰਿਆਂ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਹੈ, ਜੋ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ।

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਹੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਮਰਿਆਦਾ ਦੇ ਅਨੁਸਾਰ ਕਿਸੇ ਨੂੰ ਵੀ ਗੁਰਦੁਆਰੇ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਜਥੇਦਾਰ ਨੇ ਅਪੀਲ ਕੀਤੀ ਕਿ ਸੰਗਤ ਨੂੰ ਆਪਸੀ ਵਿਵਾਦ ਮਿਲ-ਬੈਠ ਕੇ ਹੱਲ ਕਰਨੇ ਚਾਹੀਦੇ ਹਨ ਅਤੇ ਕਿਸੇ ਨੂੰ ਗੁਰੂ ਦੇ ਦਰਬਾਰ ਵਿੱਚ ਆਉਣ ਤੋਂ ਨਹੀਂ ਰੋਕਣਾ ਚਾਹੀਦਾ।ਅੰਤ ਵਿੱਚ, ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਜੀਵੰਤ ਗੁਰੂ ਹੈ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਸਾਨੂੰ ਆਪਣਾ ਜੀਵਨ ਪ੍ਰੇਮ, ਪਿਆਰ ਅਤੇ ਇਤਫ਼ਾਕ ਨਾਲ ਜੀਣਾ ਚਾਹੀਦਾ ਹੈ। ਉਨ੍ਹਾਂ ਨੇ ਸੰਗਤ ਨੂੰ ਗੁਰੂ ਦੇ ਸਿਧਾਂਤਾਂ ‘ਤੇ ਚੱਲਣ ਅਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ।