Punjab

ਸ਼ਹੀਦ ਭਾਈ ਬੇਅੰਤ ਸਿੰਘ ਦੀ ਧੀ ਅੰਮ੍ਰਿਤ ਕੌਰ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲੜਨ ਦਾ ਐਲਾਨ

ਬਿਊਰੋ ਰਿਪੋਰਟ: ਫ਼ਰੀਦਕੋਟ ਸਾਂਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਭੈਣ ਅੰਮ੍ਰਿਤ ਕੌਰ ਮਲੋਆ ਨੇ ਤਰਨਤਾਰਨ ਉਪ-ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਵਿੱਚ ਦੋਸ਼ੀ ਬੇਅੰਤ ਸਿੰਘ ਦੇ ਪਰਿਵਾਰ ਵਿੱਚੋਂ ਇਹ ਦੂਜੀ ਸੰਤਾਨ ਹੋਵੇਗੀ ਜੋ ਚੋਣੀ ਮੈਦਾਨ ਵਿੱਚ ਉਤਰ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੰਮ੍ਰਿਤ ਕੌਰ ਮਲੋਆ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ, ਜਦੋਂਕਿ ਉਨ੍ਹਾਂ ਦਾ ਭਰਾ ਸਰਬਜੀਤ ਸਿੰਘ ਖ਼ਾਲਸਾ ਪਹਿਲਾਂ ਹੀ ਸਾਂਸਦ ਹੈ।

ਸਰਬਜੀਤ ਸਿੰਘ ਖ਼ਾਲਸਾ ਇਸ ਵੇਲੇ ਫਰੀਦਕੋਟ ਤੋਂ ਸਾਂਸਦ ਹਨ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖ਼ਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਐਕਟਿਵ ਮੈਂਬਰ ਹਨ। ਪਰ ਅਮ੍ਰਿਤ ਕੌਰ ਮਲੋਆ ਨੇ ਇਸ ਪਾਰਟੀ ਤੋਂ ਵੱਖ ਆਜ਼ਾਦ ਉਮੀਦਵਾਰ ਵਜੋਂ ਉਤਰਣ ਦਾ ਫ਼ੈਸਲਾ ਕੀਤਾ ਹੈ।

ਬੇਅੰਤ ਸਿੰਘ ਦੇ ਪਰਿਵਾਰ ’ਚ ਸਰਬਜੀਤ ਖ਼ਾਲਸਾ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਬਿਮਲ ਕੌਰ ਵੀ ਚੋਣ ਲੜ ਚੁੱਕੀ ਹੈ ਅਤੇ ਜਿੱਤ ਹਾਸਲ ਕਰ ਚੁੱਕੀ ਹੈ। ਅੰਮ੍ਰਿਤ ਕੌਰ ਦਾ ਕਹਿਣਾ ਹੈ ਕਿ ਹੁਣ ਉਹ ਸਭ ਪਾਰਟੀਆਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦਾ ਟੀਚਾ ਹੈ ਕਿ ਸਾਰੀਆਂ ਪਾਰਟੀਆਂ ਇੱਕਠੀਆਂ ਹੋ ਕੇ ਉਨ੍ਹਾਂ ਦਾ ਸਪੋਰਟ ਕਰਨ।

1989 ਦਾ ਚੋਣ ਇਤਿਹਾਸ

ਅੰਮ੍ਰਿਤ ਕੌਰ ਦੀ ਮਾਂ ਅਤੇ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਨੇ 1989 ਵਿੱਚ ਰੂਪਨਗਰ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ 4,24,101 ਵੋਟਾਂ ਨਾਲ ਜਿੱਤ ਹਾਸਲ ਕਰਕੇ ਸੰਸਦ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਬੇਅੰਤ ਸਿੰਘ ਦੇ ਪਿਤਾ ਬਾਬਾ ਸੁੱਚਾ ਸਿੰਘ ਨੇ ਵੀ 1989 ਵਿੱਚ ਬਠਿੰਡਾ ਤੋਂ ਚੋਣ ਲੜੀ ਸੀ ਅਤੇ 3,16,979 ਵੋਟਾਂ ਨਾਲ ਸਾਂਸਦ ਬਣੇ ਸਨ।