International

ਸਾਬਕਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 8 ਮਾਮਲਿਆਂ ’ਚ ਜ਼ਮਾਨਤ, ਪਰ ਜੇਲ੍ਹ ਤੋਂ ਨਹੀਂ ਹੋਣਗੇ ਰਿਹਾਅ

ਬਿਊਰੋ ਰਿਪੋਰਟ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 9 ਮਈ 2023 ਦੇ ਦੰਗਿਆਂ ਨਾਲ ਜੁੜੇ 8 ਮਾਮਲਿਆਂ ’ਚ ਜ਼ਮਾਨਤ ਦੇ ਦਿੱਤੀ ਹੈ। 9 ਮਈ ਨੂੰ ਇਮਰਾਨ ਖ਼ਾਨ ਦੇ ਸਮਰਥਕਾਂ ਨੇ ਰਾਵਲਪਿੰਡੀ ’ਚ ਫੌਜ ਦੇ ਜਨਰਲ ਹੈੱਡਕੁਆਰਟਰਸ (GHQ) ਅਤੇ ਲਾਹੌਰ ’ਚ ਫੌਜੀ ਅਧਿਕਾਰੀਆਂ ਦੇ ਘਰਾਂ ’ਤੇ ਹਮਲੇ ਕੀਤੇ ਸਨ। ਇਮਰਾਨ ਖ਼ਾਨ ਉੱਤੇ ਇਲਜ਼ਾਮ ਸੀ ਕਿ ਉਹਨਾਂ ਨੇ ਇਸ ਦੰਗੇ ਦੀ ਸਾਜ਼ਿਸ਼ ਰਚੀ ਸੀ। ਇਮਰਾਨ ਦੀ ਜ਼ਮਾਨਤ ਦਾ ਫੈਸਲਾ ਮੁੱਖ ਨਿਆਂਮੂਰਤੀ ਯਾਹਿਆ ਅਫਰੀਦੀ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਸੁਣਾਇਆ। ਇਮਰਾਨ ਇਸ ਵੇਲੇ ਰਾਵਲਪਿੰਡੀ ਦੀ ਅਡੀਆਲਾ ਜੇਲ੍ਹ ’ਚ ਬੰਦ ਹਨ।

ਹਾਲਾਂਕਿ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਵੀ ਇਮਰਾਨ ਰਿਹਾਅ ਨਹੀਂ ਹੋਣਗੇ, ਕਿਉਂਕਿ ਉਹਨਾਂ ਖ਼ਿਲਾਫ਼ ਹੋਰ ਕਈ ਮਾਮਲੇ ਲੰਬਿਤ ਹਨ ਅਤੇ ਉਹ 50 ਅਰਬ ਪਾਕਿਸਤਾਨੀ ਰੁਪਏ ਦੇ ਭ੍ਰਿਸ਼ਟਾਚਾਰ ਮਾਮਲੇ ’ਚ 14 ਸਾਲ ਦੀ ਸਜ਼ਾ ਕੱਟ ਰਹੇ ਹਨ।

ਇਮਰਾਨ ਦੇ ਵਕੀਲ ਦਾ ਬਿਆਨ

ਇਮਰਾਨ ਖ਼ਾਨ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਦੰਗਿਆਂ ਦੇ ਸਮੇਂ ਖਾਨ ਨੈਸ਼ਨਲ ਅਕਾਊਂਟਬਿਲਟੀ ਬਿਊਰੋ (NAB) ਦੀ ਹਿਰਾਸਤ ਵਿੱਚ ਸਨ, ਇਸ ਲਈ ਘਟਨਾ ਵਿੱਚ ਸ਼ਾਮਲ ਹੋਣਾ ਸੰਭਵ ਨਹੀਂ ਸੀ। ਉਹਨਾਂ ਨੇ FIR ਵਿੱਚ ਲਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

ਦੂਜੇ ਪਾਸੇ ਪੁਲਿਸ ਨੇ ਗਵਾਹਾਂ ਦੇ ਬਿਆਨ, ਵ੍ਹੱਟਸਐਪ ਚੈਟ ਅਤੇ ਵੋਇਸ-ਮੈਚਿੰਗ ਟੈਸਟ ਦਾ ਹਵਾਲਾ ਦਿੱਤਾ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਕਿਹਾ ਕਿ ਸਬੂਤਾਂ ਦੀ ਜਾਂਚ ਟਰਾਇਲ ਕੋਰਟ ਵਿੱਚ ਹੀ ਹੋਵੇਗੀ।