Punjab

ਅਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਫਾਇਰ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਆਪ ਜ਼ਖ਼ਮੀ

ਬਿਊਰੋ ਰਿਪੋਰਟ: ਅਮ੍ਰਿਤਸਰ ਵਿੱਚ ਅੱਜ ਬੁੱਧਵਾਰ ਦੁਪਹਿਰ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਪੁਲਿਸ ’ਤੇ ਫਾਇਰ ਕਰਨ ਦੀ ਕੋਸ਼ਿਸ਼ ਦੌਰਾਨ ਆਰੋਪੀ ਆਪ ਹੀ ਗੋਲ਼ੀ ਨਾਲ ਜ਼ਖ਼ਮੀ ਹੋ ਗਿਆ। ਇਸ ਸਮੇਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਦਾ ਜਾਇਜ਼ਾ ਲੈ ਰਹੇ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਬੀ ਡਿਵੀਜ਼ਨ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਘਰ ’ਤੇ ਫਾਇਰਿੰਗ ਹੋਈ ਸੀ। ਇਸ ਦੀ ਜਾਣਕਾਰੀ ਪੀੜਤਾਂ ਦੇ ਗੁਆਂਢੀਆਂ ਨੇ ਦਿੱਤੀ ਕਿਉਂਕਿ ਪੀੜਤ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ। ਪੁਲਿਸ ਨੇ ਆਪਣੇ ਲੈਵਲ ’ਤੇ ਕਾਰਵਾਈ ਕਰਕੇ ਦੋ ਆਰੋਪੀ ਕਾਬੂ ਕੀਤੇ ਸਨ।

ਮੁਲਜ਼ਮਾਂ ਦੀ ਪਛਾਣ ਰਵੀ (ਉਮਰ 25, ਨਿਵਾਸੀ ਮੁਹੱਲਾ ਨਾਨਕਸਰ, ਤਰਨਤਾਰਨ, ਪੇਸ਼ਾ ਵੈਲਡਰ) ਅਤੇ ਜੋਬਨ (ਉਮਰ 24, ਨਿਵਾਸੀ ਮੁਹੱਲਾ ਨਾਨਕਸਰ, ਤਰਨਤਾਰਨ, 12ਵੀਂ ਪਾਸ, ਮੀਟ ਦੀ ਦੁਕਾਨ ’ਤੇ ਕੰਮ ਕਰਦਾ ਸੀ) ਵਜੋਂ ਹੋਈ ਹੈ। ਦੋਵੇਂ ਨੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ’ਤੇ ਗੋਲ਼ੀ ਚਲਾਈ ਸੀ।

ਗੋਲੀਬਾਰੀ ਤੋਂ ਬਾਅਦ ਕੱਪੜੇ ਬਦਲੇ ਤੇ ਤਰਨਤਾਰਨ ਚਲੇ ਗਏ

ਇਨ੍ਹਾਂ ਨਾਲ ਇੱਕ ਹੋਰ ਤੀਜਾ ਮੁਲਜ਼ਮ ਵੀ ਸੀ, ਜਿਸਦੀ ਪਛਾਣ ਫਿਲਹਾਲ ਪੁਲਿਸ ਨੇ ਗੁਪਤ ਰੱਖੀ ਹੈ। ਗੋਲ਼ੀ ਚਲਾਉਣ ਤੋਂ ਬਾਅਦ ਤਿੰਨੇ ਜਹਾਜ਼ਗੜ੍ਹ ਵਿੱਚ ਕੱਪੜੇ ਬਦਲ ਕੇ ਪਿੰਡਾਂ ਰਾਹੀਂ ਤਰਨਤਾਰਨ ਚਲੇ ਗਏ ਸਨ। ਉਸ ਤੋਂ ਬਾਅਦ ਇਹ ਗ੍ਰਿਫ਼ਤਾਰ ਹੋਏ ਸਨ। ਅੱਜ ਰਵੀ ਤੋਂ ਪਿਸਤੌਲ ਬਰਾਮਦ ਕਰਨੀ ਸੀ ਜਿਸ ਲਈ ਉਸਨੂੰ ਉਸਦੀ ਨਿਸ਼ਾਨਦੇਹੀ ’ਤੇ ਮਕਬੂਲਪੁਰਾ ਇਲਾਕੇ ਵਿੱਚ ਲਿਆਂਦਾ ਗਿਆ, ਜਿੱਥੇ ਕਾਫ਼ੀ ਝਾੜੀਆਂ ਸਨ।

ਇਥੇ ਪਹੁੰਚ ਕੇ ਆਰੋਪੀ ਨੇ ਪਿਸਤੌਲ ਕੱਢ ਕੇ ਪੁਲਿਸ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੁਠਭੇੜ ਦੌਰਾਨ ਉਹ ਆਪ ਹੀ ਗੋਲੀ ਨਾਲ ਜ਼ਖ਼ਮੀ ਹੋ ਗਿਆ। ਗੋਲੀ ਉਸਦੇ ਪੈਰ ਵਿੱਚ ਲੱਗੀ। ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਗਲੇ ਦਿਨਾਂ ਵਿੱਚ ਹੋਰ ਮਹੱਤਵਪੂਰਨ ਗ੍ਰਿਫ਼ਤਾਰੀਆਂ ਹੋਣਗੀਆਂ ਅਤੇ ਫਿਰੌਤੀ ਮੰਗਣ ਵਾਲੇ ਤੇ ਗੋਲ਼ੀਬਾਰੀ ਕਰਨ ਵਾਲੇ ਗੈਂਗਾਂ ਨੂੰ ਵੀ ਕਾਬੂ ਕੀਤਾ ਜਾਵੇਗਾ।