ਬਿਊਰੋ ਰਿਪੋਰਟ: AI ਦੀ ਵਰਤੋਂ ਕਰਦਿਆਂ ਕਿਸੇ ਅਣਪਛਾਤੇ ਵਿਅਕਤੀ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਦੋ ਹਿੱਸਿਆਂ ਵਿੱਚ ਟੁੱਟ ਕੇ ਡਿੱਗਦਾ ਹੋਇਆ ਵਿਖਾਇਆ ਹੈ। ਇਸ ਵੀਡੀਓ ’ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਵੀਡੀਓ ਕਿਸਨੇ ਬਣਾਇਆ ਹੈ।
ਵੀਡੀਓ ਵਾਇਰਲ ਹੋਣ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਕਿਹਾ ਕਿ ਏਆਈ ਤਕਨੀਕ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਇਕ ਪਾਸੇ ਡਿੱਗਦਾ ਹੋਇਆ ਦਿਖਾਇਆ ਜਾਣਾ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਪਵਿੱਤਰ ਅਸਥਾਨ ਤੋਂ ਸਾਰਿਆਂ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ, ਕਿਸੇ ਨਾਲ ਵਿਤਕਰਾ ਨਾ ਕੀਤਾ ਜਾਂਦਾ ਹੋਵੇ, ਮਨੁੱਖਤਾ ਦਾ ਕੇਂਦਰ ਹੋਵੇ, ਉਸਦੀ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਨੂੰ ਲਾਈਕ ਜਾਂ ਸ਼ੇਅਰ ਨਾ ਕਰੋ।
ਉਨ੍ਹਾਂ ਕਿਹਾ ਕਿ ਅਜਿਹੇ ਵੀਡੀਓ ਨੂੰ ਰਿਪੋਰਟ ਪੋਸਟ ਕਰ ਕੇ ਲਾਕ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵੀਡੀਓ ਬਣਾਉਣ ਵਾਲੇ ’ਤੇ ਛੇਤੀ ਕਾਰਵਾਈ ਕੀਤੀ ਜਾਏ। ਏਆਈ ਤਕਨੀਕ ਨਾਲ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਭੰਗੜਾ ਪਾਉਂਦਿਆਂ ਪੋਸਟ ਵਾਇਰਲ ਕੀਤੀ ਗਈ।