ਬਿਊਰੋ ਰਿਪੋਰਟ: ਪੰਜਾਬ ਵਿੱਚ ਅੱਜ ਵੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ। ਕੱਲ੍ਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚੋਂ ਲੰਘਦੀ ਸਭਰਾਂ ਬ੍ਰਾਂਚ ਨਹਿਰ ਰਈਆ ਨੇੜੇ ਓਵਰਫਲੋ ਹੋ ਗਈ। ਇਸਦਾ ਪ੍ਰਭਾਵ ਤਿੰਨ ਪਿੰਡਾਂ ਵਿੱਚ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤੇ। ਜਿੱਥੋਂ ਪਾਣੀ ਓਵਰਫਲੋ ਹੋ ਕੇ ਪਿੰਡਾਂ ਦੇ ਖੇਤਾਂ ਤੱਕ ਪਹੁੰਚਿਆ, ਉਹ ਹਿੱਸਾ ਦੇਰ ਰਾਤ ਭਰ ਗਿਆ। ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਪ੍ਰਸ਼ਾਸਨ ਦੀ ਟੀਮ ਇਸ ਮੁਸ਼ਕਲ ਕੰਮ ਨੂੰ ਕਰਨ ਵਿੱਚ ਸਫ਼ਲ ਰਹੀ।
ਇਸ ਦੇ ਨਾਲ ਹੀ, ਹੁਸ਼ਿਆਰਪੁਰ ਵਿੱਚ ਵੀ, ਹਿਮਾਚਲ ਤੋਂ ਆਉਣ ਵਾਲੀਆਂ ਨਦੀਆਂ ਅਤੇ ਨਾਲੇ ਨੱਕੋ-ਨੱਕ ਭਰੇ ਹੋਏ ਹਨ। ਹੁਸ਼ਿਆਰਪੁਰ ਦਾ ਭੰਗੀ-ਚੋ ਨਦੀ ਓਵਰਫਲੋਅ ਹੋ ਕੇ ਵਹਿ ਰਹੀ ਹੈ। ਪੁਲਿਸ ਨੇ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੁੱਖ ਪੁਲਾਂ ਦੀ ਵਰਤੋਂ ਕਰਨ ਅਤੇ ਉਛਲ ਰਹੇ ਨਦੀਆਂ ਅਤੇ ਨਾਲਿਆਂ ਨੂੰ ਪਾਰ ਨਾ ਕਰਨ।
ਕੱਲ੍ਹ ਵੀ ਮੀਂਹ ਦੀ ਸੰਭਾਵਨਾ
ਕੱਲ੍ਹ ਅਤੇ ਸ਼ਨੀਵਾਰ ਨੂੰ ਵੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਤੋਂ ਬਾਅਦ ਕਈ ਦਿਨਾਂ ਤੱਕ ਮੌਸਮ ਆਮ ਰਹੇਗਾ। ਜਿਸ ਕਾਰਨ ਤਾਪਮਾਨ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ।