ਬਿਊਰੋ ਰਿਪੋਰਟ: ਚੰਡੀਗੜ੍ਹ ਵਿੱਚ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਪੁਲਿਸ ਝੱਟ ਆਮ ਲੋਕਾਂ ਨੂੰ ਚਲਾਨ ਜਾਰੀ ਕਰਦੀ ਹੈ ਜਾਂ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਚਲਾਨ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੰਦੀ ਹੈ। ਪਰ ਹੁਣ ਚੰਡੀਗੜ੍ਹ ਪੁਲਿਸ ਆਪ ਵੀ ਇਸ ਦੇ ਦਾਇਰੇ ਵਿੱਚ ਆ ਗਈ ਹੈ।
ਚੰਡੀਗੜ੍ਹ ਪੁਲਿਸ ਵਿਭਾਗ ਨੇ ਹੁਕਮ ਦਿੱਤਾ ਹੈ ਕਿ ਜੇਕਰ ਕੋਈ ਪੁਲਿਸ ਕਰਮਚਾਰੀ ਨਿਯਮ ਤੋੜਦਾ ਹੈ, ਤਾਂ ਉਸਨੂੰ ਦੁੱਗਣਾ ਜ਼ੁਰਮਾਨਾ ਭਰਨਾ ਪਵੇਗਾ। ਇੰਨਾ ਹੀ ਨਹੀਂ, ਉਸਦੇ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ। ਜੇਕਰ ਚੰਡੀਗੜ੍ਹ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਜਾਂ ਨਿੱਜੀ ਸਮੇਂ ਵਿੱਚ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹਨ, ਤਾਂ ਹੁਣ ਉਨ੍ਹਾਂ ਨੂੰ ਦੋਹਰੀ ਸਜ਼ਾ ਭੁਗਤਣੀ ਪਵੇਗੀ।
ਪੁਲਿਸ ਵਿਭਾਗ ਵੱਲੋਂ ਹੁਕਮ ਜਾਰੀ
ਡੀਐਸਪੀ ਟ੍ਰੈਫਿਕ ਐਡਮਿਨ ਅਤੇ ਸਾਊਥ ਵੈਸਟ ਚੰਡੀਗੜ੍ਹ ਵੱਲੋਂ ਜਾਰੀ ਹੁਕਮ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਭਾਵੇਂ ਪੁਲਿਸ ਕਰਮਚਾਰੀ ਵਰਦੀ ਵਿੱਚ ਹੋਣ ਜਾਂ ਸਿਵਲ ਡਰੈੱਸ ਵਿੱਚ, ਸਰਕਾਰੀ ਵਾਹਨ ਚਲਾ ਰਹੇ ਹੋਣ ਜਾਂ ਨਿੱਜੀ ਵਾਹਨ, ਕਿਸੇ ਵੀ ਹਾਲਤ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਹੁਕਮ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਕੁਝ ਮਾਮਲਿਆਂ ਵਿੱਚ, ਪੁਲਿਸ ਕਰਮਚਾਰੀ ਵਰਦੀ ਵਿੱਚ ਗੱਡੀ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਤ ਹੋਈਆਂ ਸਨ। ਇਸ ਨਾਲ ਚੰਡੀਗੜ੍ਹ ਪੁਲਿਸ ਦਾ ਅਕਸ ਖਰਾਬ ਹੋਇਆ ਹੈ।