International

Los Angeles ’ਚ ਸਿੱਖ ਬਜ਼ੁਰਗ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਗ੍ਰਿਫ਼ਤਾਰ

ਲਾਸ ਏਂਜਲਸ ਪੁਲਿਸ ਲੰਕਰਸ਼ਿਮ ਬੁਲੇਵਾਰਡ ’ਤੇ ਇਕ ਨੇੜੇ ਸਟੋਰ ਦੇ ਬਾਹਰ 70 ਸਾਲਾ ਸਿੱਖ ਬਜ਼ੁਰਗ ’ਤੇ ਬੇਰਹਿਮੀ ਨਾਲ ਹਮਲਾ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਲਾਸ ਏਂਜਲਸ ਦੇ ਨਾਰਥ ਹਾਲੀਵੁੱਡ ਵਿੱਚ 4 ਅਗਸਤ, ਲਾਸ ਏਂਜਲਸ ਪੁਲਿਸ ਵਿਭਾਗ (LAPD) ਨੇ ਸੋਮਵਾਰ, 11 ਅਗਸਤ ਨੂੰ ਰਾਤ 9:40 ਵਜੇ 44 ਸਾਲਾ ਬੋ ਰਿਚਰਡ ਵਿਟਾਗਲਿਆਨੋ ਨੂੰ ਗ੍ਰਿਫਤਾਰ ਕੀਤਾ। ਵਿਟਾਗਲਿਆਨੋ ‘ਤੇ ਘਾਤਕ ਹਥਿਆਰ ਨਾਲ ਹਮਲੇ ਦਾ ਦੋਸ਼ ਹੈ ਅਤੇ ਉਸ ਨੂੰ 1.115 ਮਿਲੀਅਨ ਡਾਲਰ ਦੀ ਜ਼ਮਾਨਤ ‘ਤੇ ਰੱਖਿਆ ਗਿਆ ਹੈ।

ਪੁਲਿਸ ਮੁਤਾਬਕ, ਹਮਲਾ ਹਰਪਾਲ ਸਿੰਘ ਅਤੇ ਵਿਟਾਗਲਿਆਨੋ ਵਿਚਕਾਰ ਝਗੜੇ ਤੋਂ ਬਾਅਦ ਹੋਇਆ। ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਝਗੜੇ ਦੀ ਸ਼ੁਰੂਆਤ ਨਹੀਂ ਦੇਖੀ, ਪਰ ਉੱਚੀ-ਉੱਚੀ ਆਵਾਜ਼ ਸੁਣੀ ਅਤੇ ਦੋ ਵਿਅਕਤੀਆਂ ਨੂੰ ਧਾਤੂ ਦੀਆਂ ਵਸਤੂਆਂ ਨਾਲ ਇੱਕ-ਦੂਜੇ ‘ਤੇ ਹਮਲਾ ਕਰਦੇ ਦੇਖਿਆ।

ਹਰਪਾਲ ਸਿੰਘ ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਵੀ ਵਿਟਾਗਲਿਆਨੋ ਨੇ ਉਸ ‘ਤੇ ਹਮਲਾ ਜਾਰੀ ਰੱਖਿਆ ਅਤੇ ਫਿਰ ਸਾਈਕਲ ‘ਤੇ ਭੱਜ ਗਿਆ। ਸਰਵੇਲੈਂਸ ਕੈਮਰਿਆਂ ਦੀ ਤਸਵੀਰ ਦੀ ਮਦਦ ਨਾਲ ਪੁਲਿਸ ਨੇ ਵਿਟਾਗਲਿਆਨੋ ਨੂੰ ਲੰਕਰਸ਼ਿਮ ਬੁਲੇਵਾਰਡ ਅਤੇ ਅਰਮਿੰਟਾ ਸਟਰੀਟ ਨੇੜੇ ਫੜਿਆ।

ਹਰਪਾਲ ਸਿੰਘ, ਜੋ ਕੈਲੀਫੋਰਨੀਆ ਦੇ ਵਸਨੀਕ ਹਨ, ਨੂੰ ਸਵੇਰ ਦੀ ਸੈਰ ਦੌਰਾਨ ਗੰਭੀਰ ਸੱਟਾਂ ਲੱਗੀਆਂ। ਉਹ ਹਸਪਤਾਲ ਵਿੱਚ ਬੇਹੋਸ਼ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦੇ ਭਰਾ, ਡਾ. ਗੁਰਦਿਆਲ ਸਿੰਘ ਰੰਧਾਵਾ ਨੇ ਦੱਸਿਆ ਕਿ ਹਰਪਾਲ ਦੀਆਂ ਚਿਹਰੇ ਦੀਆਂ ਹੱਡੀਆਂ ਅਤੇ ਦਿਮਾਗ ਵਿੱਚ ਸੱਟਾਂ ਦੇ ਇਲਾਜ ਲਈ ਤਿੰਨ ਸਰਜਰੀਆਂ ਹੋਈਆਂ ਹਨ।

ਪੁਲਿਸ ਨੇ ਇਸ ਨੂੰ ਨਫਰਤੀ ਅਪਰਾਧ ਨਹੀਂ ਮੰਨਿਆ, ਸਗੋਂ ਸੰਪਤੀ ਨੂੰ ਲੈ ਕੇ ਝਗੜੇ ਦਾ ਨਤੀਜਾ ਦੱਸਿਆ। ਸਿੱਖ ਭਾਈਚਾਰੇ ਨੇ ਇਸ ਫੈਸਲੇ ‘ਤੇ ਸਵਾਲ ਉਠਾਏ ਅਤੇ ਗੁਰਦੁਆਰੇ ਦੇ ਆਲੇ-ਦੁਆਲੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ। ਡਿਸਟ੍ਰਿਕਟ 7 ਦੀ ਕੌਂਸਲ ਮੈਂਬਰ ਮੋਨਿਕਾ ਰੋਡਰਿਗਜ਼ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ‘ਤੇ ਹਮਲਾ ਪੂਰੇ ਭਾਈਚਾਰੇ ‘ਤੇ ਹਮਲਾ ਹੈ।