Punjab

ਮੰਤਰੀ ਸੰਜੀਵ ਅਰੋੜਾ ਦੇ ਖ਼ਿਲਾਫ਼ ਚੋਣ ਪਟੀਸ਼ਨ ‘ਤੇ ਸੁਣਾਈ ਅੱਜ, ਇਲੇਕਸ਼ਨ ਸਮੇਂ ਦੇ ਜਾਣਕਾਰੀਆਂ ਛੁਪਾਉਣ ਦਾ ਦੋਸ਼

ਪੰਜਾਬ ਦੇ ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਦੇ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਜੇਤੂ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਖਿਲਾਫ ਜਸਵਿੰਦਰ ਮਲਹੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।

ਇਸ ਮਾਮਲੇ ਦੀ ਸੁਣਵਾਈ ਅੱਜ, 13 ਅਗਸਤ 2025 ਨੂੰ ਹੋਣੀ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਰੋੜਾ ਨੇ ਚੋਣ ਦੌਰਾਨ ਅਹਿਮ ਜਾਣਕਾਰੀਆਂ ਛੁਪਾਈਆਂ ਅਤੇ ਗੈਰ-ਕਾਨੂੰਨੀ ਤਰੀਕਿਆਂ ਦੀ ਵਰਤੋਂ ਕੀਤੀ। ਅਰੋੜਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਰੋੜਾ ਨੇ ਚੋਣ ਵਿੱਚ ਨਿਰਧਾਰਤ 40 ਲੱਖ ਰੁਪਏ ਦੀ ਖਰਚ ਸੀਮਾ ਨੂੰ ਪਾਰ ਕਰਦਿਆਂ ਕਰੋੜਾਂ ਰੁਪਏ ਖਰਚ ਕੀਤੇ।

ਉਨ੍ਹਾਂ ‘ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਧਾਰਮਿਕ ਪ੍ਰਚਾਰਕਾਂ ਦੀ ਮਦਦ ਨਾਲ ਵੋਟਾਂ ਮੰਗਣ ਅਤੇ ਸੋਸ਼ਲ ਮੀਡੀਆ ਤੇ ਪੇਡ ਨਿਊਜ਼ ਰਾਹੀਂ ਪ੍ਰਚਾਰ ਦੇ ਦੋਸ਼ ਵੀ ਲੱਗੇ ਹਨ। ਮਲਹੀ ਦੇ ਵਕੀਲਾਂ ਨੇ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਖਰਚ ਛੁਪਾਉਣ ਦਾ ਨਹੀਂ, ਸਗੋਂ ਭ੍ਰਿਸ਼ਟ ਅਭਿਆਸਾਂ ਅਤੇ ਗੈਰ-ਕਾਨੂੰਨੀ ਪ੍ਰਚਾਰ ਰਣਨੀਤੀਆਂ ਦਾ ਹੈ।

ਡਾ. ਮਲਹੀ ਦੇ ਬੁਲਾਰੇ ਨੇ ਕਿਹਾ ਕਿ ਖਰਚ ਸੀਮਾ ਦੀ ਉਲੰਘਣਾ ਲੋਕਤੰਤਰ ਦੀ ਨੀਂਹ ਨੂੰ ਕਮਜ਼ੋਰ ਕਰਦੀ ਹੈ, ਅਤੇ ਇਹ ਪਟੀਸ਼ਨ ਜਵਾਬਦੇਹੀ ਯਕੀਨੀ ਕਰਨ ਲਈ ਦਾਇਰ ਕੀਤੀ ਗਈ ਹੈ।ਚੋਣ 19 ਜੂਨ 2025 ਨੂੰ ਹੋਈ ਸੀ, ਜਿਸ ਵਿੱਚ 51.33% ਵੋਟਿੰਗ ਹੋਈ। 194 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਸਨ।

ਇਹ ਜ਼ਿਮਨੀ ਚੋਣ ਆਪ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਜਨਵਰੀ 2025 ਵਿੱਚ ਮੌਤ ਕਾਰਨ ਕਰਵਾਈ ਗਈ ਸੀ। ਆਪ ਨੇ ਸੰਜੀਵ ਅਰੋੜਾ, ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਨੇ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਨੇ ਜੀਵਨ ਗੁਪਤਾ ਨੂੰ ਉਮੀਦਵਾਰ ਬਣਾਇਆ ਸੀ।