ਬਿਊਰੋ ਰਿਪੋਰਟ: ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਲਾਮਬੰਦੀ ਲਈ ਪ੍ਰੋਗਰਾਮ ਲਗਾਤਾਰ ਜਾਰੀ ਹਨ। ਇਸੇ ਦੀ ਕਵਾਇਦ ਤਹਿਤ ਮੋਟਸਾਈਕਲ ਮਾਰਚ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਖ ਵੱਖ ਜਿਲ੍ਹਿਆਂ ਵਿੱਚ ਅੰਦਾਜ਼ਨ ਇੱਕ ਲੱਖ ਦੇ ਲਗਭਗ ਮੋਟਸਾਈਕਲ ਸੜਕਾਂ ’ਤੇ ਉੱਤਰੇ। ਇਸ ਗੱਲ ਦੀ ਜਾਣਕਾਰੀ ਕੇ. ਐਮ. ਐਮ. ਵੱਲੋਂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਦਿੱਤੀ।
ਪੰਧੇਰ ਨੇ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਲਗਾਤਾਰ ਬਜ਼ਿਦ ਹੈ ਪਰ ਅੱਜ ਦੇ ਲੱਖਾਂ ਲੋਕਾਂ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਵਿੱਚ ਇਸ ਨੀਤੀ ਸਬੰਧੀ ਕਿੰਨਾ ਵਿਰੋਧ ਹੈ। ਸੋ ਭਗਵੰਤ ਮਾਨ ਸਰਕਾਰ ਜਿੰਨੀ ਜਲਦੀ ਇਸ ਨੀਤੀ ਨੂੰ ਰੱਦ ਕਰਕੇ ਇਸ ਮਸਲੇ ਨੂੰ ਹੱਲ ਕਰੇਗੀ ਓਨਾਂ ਚੰਗਾ ਰਹੇਗਾ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਦੀਆਂ ਜੱਥੇਬੰਦੀਆਂ ਵੱਲੋਂ ਪਿੰਡ ਪਿੰਡ ਤੇ ਗਲ਼ੀ-ਗਲ਼ੀ ਵਿਚ ਜਾ ਕੇ ਲੋਕਾਂ ਨੂੰ ਇਹ ਵਿਸ਼ਵਾਸ ਦੁਆਇਆ ਕਿ ਸਰਕਾਰ ਵੱਲੋਂ ਆਉਣ ਵਾਲੇ ਕਿਸੇ ਵੀ ਦਬਾਅ ਜਾਂ ਲਾਲਚ ਵਿੱਚ ਆ ਕੇ ਇਸ ਜ਼ਮੀਨ ਉਜਾੜੂ, ਪਿੰਡ ਉਜਾੜੂ, ਪੰਜਾਬ ਉਜਾੜੂ ਨੀਤੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ।
ਉਹਨਾਂ ਕਿਹਾ ਕਿ 20 ਅਗਸਤ ਨੂੰ ਜਲੰਧਰ ਦੇ ਕੁੱਕੜ ਪਿੰਡ ਵਿੱਚ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਸ ਨੀਤੀ ਖ਼ਿਲਾਫ਼ ਮਹਾਂਰੈਲੀ ਕੀਤੀ ਜਾਵੇਗੀ ਜਿਸ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਦੀ ਲੜਾਈ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।