Punjab Religion

5 ਮੈਂਬਰੀ ਭਰਤੀ ਕਮੇਟੀ ਦੇ ਡੈਲੀਗੇਟ ਇਜਲਾਸ ‘ਚ ਹੋਇਆ ਫ਼ੈਸਲਾ, ਗਿਆਨੀ ਹਰਪ੍ਰੀਤ ਸਿੰਘ ਹੱਥ ਨਵੇਂ ਅਕਾਲੀ ਦਲ ਦੀ ਕਮਾਨ

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ। ਇਹ ਫੈਸਲਾ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਹੋਏ ਡੈਲੀਗੇਟ ਇਜਲਾਸ ਦੌਰਾਨ ਲਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਦਾ ਨਾਂਅ ਬਾਬਾ ਸਰਬਜੋਤ ਸਿੰਘ ਬੇਦੀ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕੀਤੀ।

ਇਸੇ ਇਜਲਾਸ ਵਿੱਚ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ। ਹਾਜ਼ਰ ਡੈਲੀਗੇਟਾਂ ਨੇ ਜੈਕਾਰਿਆਂ ਨਾਲ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ। ਇਕਬਾਲ ਸਿੰਘ ਝੂੰਢਾ ਨੇ ਕਿਹਾ ਕਿ ਡੈਲੀਗੇਟਾਂ ਦੀ ਚੋਣ ਪੂਰੀ ਪਾਰਦਰਸ਼ਤਾ ਨਾਲ ਕੀਤੀ ਗਈ, ਅਤੇ ਗੈਰ-ਡੈਲੀਗੇਟਾਂ ਨੂੰ ਹਾਲ ਛੱਡਣ ਲਈ ਕਿਹਾ ਗਿਆ।

ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਧਾਨ ਦੀ ਚੋਣ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਹੈ। ਪੰਥਕ ਏਕਤਾ ਲਈ ਕਮੇਟੀ ਨੇ ਵੱਖ-ਵੱਖ ਪੰਥਕ ਪਾਰਟੀਆਂ ਅਤੇ ਸੰਗਠਨਾਂ ਨਾਲ ਮੀਟਿੰਗਾਂ ਕੀਤੀਆਂ। ਇਹ ਨਿਯੁਕਤੀਆਂ ਪਾਰਟੀ ਦੀ ਮਜ਼ਬੂਤੀ ਅਤੇ ਪੰਥਕ ਏਕਤਾ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨੀਆਂ ਜਾ ਰਹੀਆਂ ਹਨ।

ਇਜਲਾਸ ‘ਤੇ ਪੇਸ਼ ਕੀਤੇ ਗਏ ਮਤੇ

1. ਸ਼੍ਰੋਮਣੀ ਅਕਾਲੀ ਦਲ ਦੀ ਚੁਣੀ ਹੋਈ 31 ਮੈਂਬਰੀ ਵਰਕਿੰਗ ਕਮੇਟੀ ਹੋਵੇਗੀ ਅਤੇ ਵਰਕਿੰਗ ਕਮੇਟੀ ਦੇ 10 ਮੈਂਬਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਜਦ ਕਰਨ ਦਾ ਅਧਿਕਾਰ ਹੋਵੇਗਾ ਜੋ ਵਿਧੀ ਵਿਧਾਨ ਅਨੁਸਾਰ ਆਪਣੇ ਫੈਸਲੇ ਕਰੇਗੀ।
2. ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਹੋਇਆ ਪ੍ਰਧਾਨ ਪਾਰਟੀ ਦੀ ਜਥੇਬੰਦਕ ਚੋਣ ਤੋਂ ਇਲਾਵਾ ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣ ਨਹੀਂ ਲੜੇਗਾ।
3. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ ਉਹ ਲਗਾਤਾਰ ਛੇ ਸਾਲ ਤਿੰਨ ਤਿੰਨ ਸਾਲ ਦੀਆਂ ਦੋ ਟਰਮਾਂ ਜਾਂ ਵੱਖਵਾ ਪਾ ਕੇ ਦੁਬਾਰਾ ਇੱਕ ਟਰਮ ਹੀ ਚੋਣ ਲੜ ਸਕੇਗਾ।
4. ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੇਕਰ ਚੋਣ ਲੜਨਾ ਚਾਹੁੰਦਾ ਹੈ ਤਾਂ ਘੱਟੋ ਘੱਟ ਇੱਕ ਸਾਲ ਪਹਿਲਾਂ ਉਸ ਨੂੰ ਪ੍ਰਧਾਨਗੀ ਦਾ ਉਹਦਾ ਛੱਡਣਾ ਪਵੇਗਾ।
5. ਸ਼੍ਰੋਮਣੀ ਅਕਾਲੀ ਦਲ ਵੱਲੋਂ 2022 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦੇ ਰਾਜਸੀ ਨਿਗਾਰ ਦੇ ਕਾਰਨ ਦੀ ਜਾਂਚ ਸਬੰਧੀ ਬਣੀ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ।
6. ਸਤਿ ਸ੍ਰੀ ਅਕਾਲ ਪਾਰਟੀ ਦਾ ਡੈਲੀਗੇਟ ਹਾਊਸ ਚੁਣਨ ਲਈ ਮੈਂਬਰਸ਼ਿਪ ਭਰਤੀ ਛੇ ਸਾਲ ਬਾਅਦ ਹੋਵੇਗੀ ਅਤੇ ਡੈਲੀਗੇਟ ਇਜਲਾਸ ਛੇ ਸਾਲ ਤੱਕ ਕਾਰਜਸ਼ੀਲ ਰਹੇਗਾ।
7. ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਖੁੱਲ੍ਹੀ ਭਰਤੀ ਹਮੇਸ਼ਾ ਚਾਲੂ ਰਹੇਗੀ ਅਤੇ ਮੈਂਬਰ ਬਣਨ ਤੇ ਕੋਈ ਪਾਬੰਦੀ ਨਹੀਂ ਹੋਵੇਗੀ।
8. ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਾਲ ਵਿੱਚ ਘੱਟੋ ਘੱਟ ਇੱਕ ਡੈਲੀਗੇਟ ਇਜਲਾਸ ਬੁਲਾਉਣਾ ਲਾਜ਼ਮੀ ਹੋਵੇਗਾ ਤੇ ਉਸ ਸਮੇਂ ਦੌਰਾਨ ਪਾਰਟੀ ਦੀ ਕਾਰਜਸ਼ਾਲੀ ਦਾ ਮੁਲਾਂਕਣ ਵੀ ਕੀਤਾ ਜਾਵੇਗਾ।
9. ਇੱਕ ਪਰਿਵਾਰ ਇੱਕ ਟਿਕਟ ਦਾ ਹੱਕਦਾਰ ਹੋਵੇਗਾ, ਉਮੀਦਵਾਰ ਦੀ ਚੋਣ ਲਈ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਬਣਾਇਆ ਜਾਵੇਗਾ ਜੋ ਚੇਅਰਮੈਨ ਅਤੇ ਵਾਈਸ ਚੇਅਰਮੈਨ ਸਮੇਤ ਸੱਤ ਜਾਂ ਨੌ ਮੈਂਬਰੀ ਹੋਵੇਗਾ, ਜਿਸ ਦੀਆਂ ਸਿਫਾਰਸ਼ਾਂ ਤੇ ਸਹਿਮਤੀ ਨਾਲ ਪਾਰਟੀ ਪ੍ਰਧਾਨ ਫੈਸਲਾ ਲਵੇਗਾ।
10. ਪ੍ਰਧਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਾਰੇ ਵਿਦਿਅਕ ਅਦਾਰਿਆਂ ਵਿੱਚ ਨੌਜਵਾਨਾਂ ਵਿੱਚ ਪਤਿਤ ਪੁਣੇ ਨੂੰ ਦੂਰ ਕਰਨਾ ਤੇ ਨੌਜਵਾਨਾਂ ਵਿੱਚ ਪੰਥ ਪ੍ਰਤੀ ਦੀ ਭਾਵਨਾ ਪੈਦਾ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਯੂਨਿਟ ਬਣਾ ਕੇ ਪੁਨਰ ਸੁਰਜੀਤ ਕੀਤਾ ਜਾਵੇਗਾ।
11. ਯੂਥ ਵਿੰਗ ਦੇ ਪ੍ਰਧਾਨ ਲਈ ਉਮਰ ਦੀ ਸੀਮਾ 37 ਸਾਲ ਹੋਵੇਗੀ ਨੌਜਵਾਨ ਅਤੇ ਇਸਤਰੀ ਵਰਗ ਨੂੰ ਵਿਧਾਨ ਸਭਾ ਲੋਕ ਸਭਾ ਤੇ ਪਾਰਟੀ ਦੇ ਹਰ ਪਲੇਟਫਾਰਮ ਤੇ ਯੋਗ ਨੁਮਾਇੰਦਗੀ ਦਿੱਤੀ ਜਾਵੇਗੀ।
12. ਵਿਧਾਨ ਸਭਾ ਦੇ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਜੇਕਰ ਉਹ ਸਿੱਖ ਧਰਮ ਨਾਲ ਸੰਬੰਧਿਤ ਹਨ ਤਾਂ ਕੇਸਾਧਾਰੀ ਹੋਣਾ ਜਰੂਰੀ ਹੋਵੇਗਾ ਦੂਸਰੇ ਧਰਮ ਦੇ ਉਮੀਦਵਾਰਾਂ ਤੇ ਸ਼ਰਤ ਲਾਗੂ ਨਹੀਂ ਹੋਵੇਗੀ।
13. ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਜਨਰਲ ਸਕੱਤਰ ਦਾ ਅਹੁਦਾ ਹੋਵੇਗਾ।
14. ਸਾਡੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਵੱਡੇ ਯਤਨ ਕੀਤੇ ਜਾਣਗੇ।
15. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਨੂੰ ਬੰਦ ਕਰਕੇ ਵੱਡੇ ਸੁਧਾਰ ਲਿਆਂਦੇ ਜਾਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੇ ਲਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਸਾਡਾ ਸਭ ਤੋਂ ਪਹਿਲਾਂ ਕੰਮ ਐਸਜੀਪੀਸੀ ਦੀ ਚੋਣ ਕਰਵਾਉਣਾ ਹੋਵੇਗਾ – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਇਤਿਹਾਸਕ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਕੀਤੇ ਐਲਾਨ ਅਨੁਸਾਰ ਪੰਥ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਹੋਈ, ਜੋ ਹੁਣ ਪੂਰੀ ਹੋਈ। ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਸੰਘਰਸ਼ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਡੈਮਾਂ ਅਤੇ ਚੰਡੀਗੜ੍ਹ ’ਤੇ ਅਧਿਕਾਰ ਦਾ ਮੁੱਦਾ ਮੁੱਖ ਹੋਵੇਗਾ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਲੰਬੇ ਸਮੇਂ ਤੋਂ ਬਕਾਇਆ ਚੋਣਾਂ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਵਕਾਲਤ ਵੀ ਕੀਤੀ।ਅਸਲੀ ਅਤੇ ਨਕਲੀ ਅਕਾਲੀ ਦਲ ਦੇ ਸਵਾਲ ’ਤੇ ਚੰਦੂਮਾਜਰਾ ਨੇ ਕਿਹਾ ਕਿ ਪੰਥ ਨੂੰ ਫੈਸਲਾ ਕਰਨਾ ਹੈ ਕਿ ਅਸਲੀ ਕੌਣ ਹੈ। ਉਨ੍ਹਾਂ ਅਨੁਸਾਰ, ਅਸਲੀ ਅਕਾਲੀ ਦਲ ਉਹ ਹੋਵੇਗਾ ਜੋ ਪੰਥਕ ਵਿਰਾਸਤ ਅਤੇ ਸੋਚ ਨਾਲ ਅੱਗੇ ਵਧੇ।

ਉਨ੍ਹਾਂ ਨੇ ਉਨ੍ਹਾਂ ਲੋਕਾਂ ’ਤੇ ਨਿਸ਼ਾਨਾ ਸਾਧਿਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ।ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਇਜਲਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇ ਕੋਈ ਅੱਜ ਸ਼ਾਮਲ ਨਹੀਂ ਹੋ ਸਕਦਾ, ਤਾਂ ਬਾਅਦ ਵਿੱਚ ਵੀ ਜੁੜ ਸਕਦਾ ਹੈ, ਕਿਉਂਕਿ ਇਹ ਪੰਥਕ ਭਾਵਨਾ ਦਾ ਮੁੱਦਾ ਹੈ। ਸੁ

ਖਬੀਰ ਬਾਦਲ ਦੀ ਗੈਰਹਾਜ਼ਰੀ ’ਤੇ ਉਨ੍ਹਾਂ ਨੇ ਅਫਸੋਸ ਜਤਾਇਆ, ਪਰ ਕਿਹਾ ਕਿ ਜਥੇਦਾਰ ਸਾਹਿਬ ਦਾ ਸੁਨੇਹਾ ਜਨਤਕ ਸੀ ਅਤੇ ਇਸ ਨੂੰ ਸਵੀਕਾਰ ਕਰਨਾ ਚਾਹੀਦਾ। ਉਨ੍ਹਾਂ ਨੇ ਪੰਥਕ ਏਕਤਾ, ਪੰਜਾਬ ਦੀ ਸੁਰੱਖਿਆ, ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਣ ਦਾ ਵਾਅਦਾ ਕੀਤਾ।

ਅਰਸ਼ਦੀਪ ਸਿੰਘ ਕਲੇਰ

ਭਰਤੀ ਕਮੇਟੀ ਦੁਆਰਾ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਬਾਗੀ ਧੜੇ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸੱਚ ਸਾਹਮਣੇ ਆ ਗਿਆ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਵਾਉਣ ਲਈ ਸਾਜ਼ਿਸ਼ ਰਚੀ ਗਈ।

ਉਨ੍ਹਾਂ ਨੇ ਕਿਹਾ ਕਿ ਇਹ ਸਾਹਮਣੇ ਆ ਗਿਆ ਕਿ ਕਿਵੇਂ ਤਖ਼ਤ ਸਾਹਿਬਾਨਾਂ ਨੂੰ ਸਾਜ਼ਿਸ਼ ਲਈ ਵਰਤਿਆ ਗਿਆ। ਉਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਦਾਲਤਾਂ ਚ ਵੀ ਅਜਿਹਾ ਨਹੀਂ ਹੁੰਦਾ ਕਿ ਜੱਜ ਹੀ ਦੋ ਭਰਾਵਾਂ ਦੀ ਲੜਾਈ ਚ ਹਿੱਸੇਦਾਰ ਨਹੀਂ ਬਣ ਜਾਂਣ। ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਖੁਦ ਜਥੇਦਾਰ ਸਨ। ਉਨ੍ਹਾਂ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ੀਮ ਨੂੰ ਬੁਲਾਇਆ, ਸਜ਼ਾ ਸੁਣਾਈ ਤੇ ਹੁਣ ਆਪ ਹੀ ਪ੍ਰਧਾਨ ਬਣ ਕੇ ਬਹਿ ਗਏ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਨੇ ਫਸੀਲ ਤੋਂ ਧੜਿਆਂ ਦੀ ਰਾਜਨੀਤੀ ਨੂੰ ਨਕਾਰਿਆ ਦੇ ਹੁਣ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਗਏ।