ਬਿਊਰੋ ਰਿਪੋਰਟ: ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਹੁਣ ਉਨ੍ਹਾਂ ਖ਼ਿਲਾਫ਼ ਇੱਕ ਵਾਰ ਫਿਰਰ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਅਮ੍ਰਿਤਸਰ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਇਕ ਹੋਰ ਨਵੀਂ FIR ਦਰਜ ਕੀਤੀ ਗਈ ਹੈ। ਇਹ ਮਾਮਲਾ ਵੀ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਇਹ FIR SSP ਵਿਜੀਲੈਂਸ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ।
ਦਰਅਸਲ, ਵਿਜੀਲੈਂਸ ਦੀ ਟੀਮ ਜਦ ਮਜੀਠੀਆ ਦੀ ਅਮ੍ਰਿਤਸਰ ਸਥਿਤ ਰਿਹਾਇਸ਼ ’ਤੇ ਛਾਪਾ ਮਾਰਨ ਲਈ ਪਹੁੰਚੀ, ਤਾਂ ਉਥੇ ਮੌਜੂਦ ਮਜੀਠੀਆ ਦੇ 30 ਤੋਂ 40 ਸਮਰਥਕਾਂ ਨੇ ਵਿਜੀਲੈਂਸ ਟੀਮ ਦੇ ਰੋਕਣ ਦੇ ਬਾਵਜੂਦ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਟੀਮ ਦੇ ਕੰਮ ’ਚ ਰੁਕਾਵਟ ਪਾਈ।
FIR ਮੁਤਾਬਕ ਮਜੀਠੀਆ ਨੇ ਆਪਣੇ ਸਮਰਥਕਾਂ ਨੂੰ ਕਈ ਵਾਰੀ ਫ਼ੋਨ ਕਰਕੇ ਕਿਹਾ ਕਿ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਆ ਜਾਓ। ਇਸ ਦੌਰਾਨ ਘਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਗਈ। ਮਜੀਠੀਆ ਨੂੰ ਇਸ FIR ਵਿੱਚ ਨਾਮਜ਼ਦ ਕੀਤਾ ਗਿਆ ਹੈ, ਅਤੇ ਕਈ ਅਣਜਾਣ ਵਿਅਕਤੀਆਂ ਦਾ ਵੀ ਜ਼ਿਕਰ ਹੈ।
ਇਸ FIR ਵਿੱਚ ਇੱਕ ਪੰਜਾਬੀ ਨਿਊਜ਼ ਚੈਨਲ ਦਾ ਵੀ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ “ਉਸ ਚੈਨਲ ਦੇ ਪੱਤਰਕਾਰ ਨੂੰ ਜਲਦੀ ਅੰਦਰ ਭੇਜੋ।”