ਮੰਗਲਵਾਰ, 5 ਅਗਸਤ 2025 ਨੂੰ, ਦੁਪਹਿਰ 1:45 ਵਜੇ, ਉੱਤਰਕਾਸ਼ੀ ਦੇ ਧਾਰਲੀ ਪਿੰਡ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ। ਇਸ ਘਟਨਾ ਵਿੱਚ ਖੀਰ ਗੰਗਾ ਨਦੀ ਦੇ ਵਹਿਣ ਨਾਲ ਆਏ ਮਲਬੇ ਨੇ ਧਾਰਲੀ ਦੇ ਬਾਜ਼ਾਰ, ਘਰਾਂ, ਅਤੇ 20-25 ਹੋਟਲਾਂ ਨੂੰ ਵਹਾ ਕੇ ਤਬਾਹ ਕਰ ਦਿੱਤਾ। ਸਿਰਫ਼ 34 ਸਕਿੰਟਾਂ ਵਿੱਚ ਪਿੰਡ ਦੀ ਰੌਣਕ ਮਲਬੇ ਵਿੱਚ ਬਦਲ ਗਈ। ਘਟਨਾ ਵਿੱਚ 4 ਲੋਕਾਂ ਦੀ ਮੌਤ ਹੋਈ, ਜਦਕਿ 50 ਤੋਂ ਵੱਧ ਲੋਕ ਲਾਪਤਾ ਹਨ। ਹਰਸ਼ੀਲ ਅਤੇ ਸੁੱਕੀ ਵਿੱਚ ਵੀ ਬੱਦਲ ਫਟਣ ਦੀਆਂ ਖਬਰਾਂ ਹਨ, ਜਿਸ ਵਿੱਚ ਹਰਸ਼ੀਲ ਵਿੱਚ 8-10 ਫੌਜੀ ਜਵਾਨ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਅਨੁਸਾਰ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਧਾਰਲੀ, ਗੰਗੋਤਰੀ ਧਾਮ ਦੇ ਰਸਤੇ ‘ਤੇ ਸਥਿਤ, ਹਿਮਾਲਿਆ ਦੀ ਇੱਕ ਸੰਵੇਦਨਸ਼ੀਲ ਦਰਾੜ ‘ਤੇ ਹੈ, ਜਿਸ ਨੂੰ ਮੇਨ ਸੈਂਟਰਲ ਥ੍ਰਸਟ ਕਿਹਾ ਜਾਂਦਾ ਹੈ। ਇਹ ਖੇਤਰ ਭੂਚਾਲਾਂ ਅਤੇ ਹੜ੍ਹਾਂ ਲਈ ਅਤਿ ਸੰਵੇਦਨਸ਼ੀਲ ਹੈ। ਸੀਨੀਅਰ ਭੂ-ਵਿਗਿਆਨੀ ਪ੍ਰੋ. ਐਸ.ਪੀ. ਸਤੀ ਮੁਤਾਬਕ, 6,000 ਮੀਟਰ ਉੱਚੇ ਪਹਾੜ ਤੋਂ ਆਉਣ ਵਾਲੀ ਖੀਰ ਗੰਗਾ ਨਦੀ ਹਰ ਵਾਰ ਭਾਰੀ ਮਲਬੇ ਨਾਲ ਧਾਰਲੀ ਨੂੰ ਤਬਾਹ ਕਰ ਦਿੰਦੀ ਹੈ। ਪਿੰਡ ਪਹਿਲਾਂ ਵੀ 1864, 2013, ਅਤੇ 2014 ਵਿੱਚ ਤਬਾਹ ਹੋ ਚੁੱਕਾ ਹੈ, ਅਤੇ ਭੂ-ਵਿਗਿਆਨੀਆਂ ਨੇ ਸਰਕਾਰ ਨੂੰ ਇਸ ਨੂੰ ਸੁਰੱਖਿਅਤ ਸਥਾਨ ‘ਤੇ ਸਿਫਟ ਕਰਨ ਦੀ ਸਲਾਹ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
ਬਚਾਅ ਕਾਰਜਾਂ ਵਿੱਚ SDRF, NDRF, ITBP, ਅਤੇ ਭਾਰਤੀ ਫੌਜ ਸਮੇਤ 200 ਤੋਂ ਵੱਧ ਮੈਂਬਰ ਸ਼ਾਮਲ ਹਨ, ਜਿਨ੍ਹਾਂ ਨੇ ਹੁਣ ਤੱਕ 130 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਹੈ। ਮੌਸਮ ਵਿਭਾਗ ਨੇ 10 ਅਗਸਤ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।
ਇਸ ਆਫ਼ਤ ਨੇ 1500 ਸਾਲ ਪੁਰਾਣੇ ਕਲਪ ਕੇਦਾਰ ਮਹਾਦੇਵ ਮੰਦਰ ਨੂੰ ਵੀ ਮਲਬੇ ਵਿੱਚ ਦਬਾ ਦਿੱਤਾ, ਜੋ ਪੰਚ ਕੇਦਾਰ ਪਰੰਪਰਾ ਦਾ ਅਹਿਮ ਹਿੱਸਾ ਸੀ ਅਤੇ ਸਥਾਨਕ ਲੋਕਾਂ ਦੀ ਆਸਥਾ ਦਾ ਕੇਂਦਰ ਸੀ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੇਰਾਦੂਨ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ। ਵਾਤਾਵਰਣ ਵਿਗਿਆਨੀਆਂ ਨੇ ਇਸ ਤਬਾਹੀ ਦਾ ਕਾਰਨ ਜਲਵਾਯੂ ਪਰਿਵਰਤਨ ਅਤੇ ਨਦੀ ਦੇ ਕੰਢਿਆਂ ‘ਤੇ ਬੇਰੋਕ ਨਿਰਮਾਣ ਨੂੰ ਦੱਸਿਆ।