Punjab

ਪੰਜਾਬ ‘ਚ ਅੱਜ ਮੀਂਹ ਦਾ ਯੈਲੋ ਅਲਰਟ, ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ

ਲੰਘੇ ਕੱਲ੍ਹ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਅਤੇ ਤੇਜ਼ ਮੀਂਹ ਪੈ ਰਿਹਾ ਹੈ। ਅੱਜ ਸਵੇਰ ਤੋਂ ਹੀ ਮੁਹਾਲੀ, ਚੰਡੀਗੜ੍ਹ, ਫ਼ਤਿਹਗੜ੍ਹ ਸਾਹਿਬ ਸਮੇਤ ਕਈ ਥਾਵਾਂ ’ਤੇ ਹਲਕਾ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਮੋਹਾਲੀ, ਚੰਡੀਗੜ੍ਹ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।

ਅੱਜ ਭਾਰਤੀ ਮੌਸਮ ਵਿਗਿਆਨ ਕੇਂਦਰ ਦੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ- ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ ਤੇ ਮੁਹਾਲੀ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਇੱਥੇ ਚੰਗੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਬਾਕੀ ਜ਼ਿਲ੍ਹਿਆਂ ‘ਚ ਮੌਸਮ ਆਮ ਰਹੇਗਾ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਸੋਮਵਾਰ ਸ਼ਾਮ 5.30 ਵਜੇ ਤੱਕ ਕਈ ਇਲਾਕਿਆਂ ‘ਚ ਕਿੰਨ-ਮਿੰਨ ਬਾਰਿਸ਼ ਦੇਖਣ ਨੂੰ ਮਿਲੀ, ਜਦਕਿ ਹੋਰ ਕਈ ਇਲਾਕਿਆਂ ‘ਚ ਬੱਦਲਵਾਈ ਬਣੀ ਰਹੀ। ਇਸ ਦੇ ਚੱਲਦੇ ਤਾਪਮਾਨ ‘ਚ ਹਲਕਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.6 ਡਿਗਰੀ ਦੀ ਹਲਕੀ ਗਿਰਾਵਟ ਆਈ ਹੈ। ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ।

ਸਭ ਤੋਂ ਵੱਧ ਤਾਪਮਾਨ ਅੰਮ੍ਰਿਤਸਰ ‘ਚ ਦਰਜ ਕੀਤਾ ਗਿਆ, ਜੋ ਕਿ 35.5 ਡਿਗਰੀ ਰਿਹਾ। ਉੱਥੇ ਹੀ ਲੁਧਿਆਣਾ ‘ਚ ਤਾਪਮਾਨ 34 ਡਿਗਰੀ, ਪਟਿਆਲਾ ‘ਚ 33.3 ਡਿਗਰੀ ਦਰਜ ਕੀਤਾ ਗਿਆ ਹੈ।

ਪੰਜਾਬ ‘ਚ 5 ਤੇ 6 ਅਗਸਤ ਨੂੰ ਉੱਤਰ, ਉੱਤਰ-ਪੂਰਬੀ ਤੇ ਪੂਰਬੀ ਹਿੱਸਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ। 5 ਅਗਸਤ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ 6 ਅਗਸਤ ਨੂੰ ਕੁੱਝ ਵੱਖ-ਵੱਖ ਥਾਂਵਾਂ ‘ਤੇ ਕਾਫ਼ੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਹ ਭਾਰੀ ਤੇ ਕਾਫ਼ੀ ਭਾਰੀ ਬਾਰਿਸ਼ ਮੁੱਖ ਤੌਰ ‘ਤੇ ਉੱਤਰ, ਉੱਤਰ-ਪੂਰਬੀ ਤੇ ਪੂਰਬੀ ਪੰਜਾਬ, ਖਾਸ ਤੌਰ ‘ਤੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ, ਮੁਹਾਲੀ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਨੇੜੇ ਦੇ ਹੋਰ ਜ਼ਿਲ੍ਹਿਆਂ ‘ਚ ਹੋਣ ਸੰਭਾਵਨਾ ਹੈ।