Punjab

ਬਿਨਾਂ ਟਿਕਟ ਸਫਰ ਕਰਨ ਵਾਲਿਆਂ ਤੋਂ ਵਸੂਲਿਆ 2.69 ਕਰੋੜ ਜੁਰਮਾਨਾ

ਉੱਤਰੀ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਨੇ ਜੁਲਾਈ 2025 ਵਿੱਚ ਟਿਕਟ ਜਾਂਚ ਮੁਹਿੰਮ ਰਾਹੀਂ 2.69 ਕਰੋੜ ਰੁਪਏ ਦਾ ਜੁਰਮਾਨਾ ਵਸੂਲ ਕੀਤਾ। ਇਸ ਮੁਹਿੰਮ ਦਾ ਮੁੱਖ ਮਕਸਦ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਣਾ ਸੀ, ਤਾਂ ਜੋ ਸਾਰੇ ਯਾਤਰੀਆਂ ਨੂੰ ਆਰਾਮਦਾਇਕ ਅਤੇ ਬਿਹਤਰ ਸੇਵਾਵਾਂ ਮਿਲ ਸਕਣ। ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਰੇਲ ਗੱਡੀਆਂ ਵਿੱਚ ਤਿੱਖੀ ਜਾਂਚ ਕਰਕੇ 43,092 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਪਾਇਆ, ਜਿਨ੍ਹਾਂ ਤੋਂ ਇਹ ਜੁਰਮਾਨਾ ਵਸੂਲਿਆ ਗਿਆ।

ਇਸ ਨਾਲ ਡਵੀਜ਼ਨ ਦੀ ਆਮਦਨ ਵਿੱਚ ਵਾਧਾ ਹੋਇਆ, ਜੋ ਸਟਾਫ਼ ਦੀ ਕੁਸ਼ਲਤਾ ਨੂੰ ਦਰਸਾਉਂਦਾ ਹੈ।ਰੇਲਵੇ ਅਧਿਕਾਰੀਆਂ ਨੇ ਅਣਅਧਿਕਾਰਤ ਪ੍ਰਵੇਸ਼ ਨੂੰ ਰੋਕਣ ਲਈ ਅਚਾਨਕ ਜਾਂਚ ਮੁਹਿੰਮਾਂ ਵੀ ਚਲਾਈਆਂ, ਜਿਸ ਵਿੱਚ ਯਾਤਰੀਆਂ ਨੂੰ ਸਹੀ ਟਿਕਟ ਨਾਲ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ, ਸਟੇਸ਼ਨਾਂ ਨੂੰ ਸਾਫ-ਸੁਥਰਾ ਰੱਖਣ ਅਤੇ ਗੰਦਗੀ ਰੋਕਣ ਲਈ ਵੀ ਨਿਯਮਤ ਜਾਂਚ ਕੀਤੀ ਗਈ।

ਜੁਲਾਈ ਵਿੱਚ ਸਟੇਸ਼ਨ ਕੰਪਲੈਕਸ ਵਿੱਚ ਗੰਦਗੀ ਫੈਲਾਉਣ ਵਾਲੇ 414 ਯਾਤਰੀਆਂ ਤੋਂ 75,200 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ।ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਮੁਹਿੰਮਾਂ ਜਾਰੀ ਰਹਿਣਗੀਆਂ, ਜਿਨ੍ਹਾਂ ਦਾ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਧਾਉਣਾ ਅਤੇ ਬਿਨਾਂ ਟਿਕਟ ਯਾਤਰਾ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ।

ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਟਿਕਟ ਜਾਂਚ ਸਟਾਫ਼ ਨਾ ਸਿਰਫ ਮਾਲੀਆ ਵਧਾਉਣ ਵਿੱਚ ਯੋਗਦਾਨ ਦਿੰਦਾ ਹੈ, ਸਗੋਂ ਯਾਤਰੀਆਂ ਦੀ ਮਦਦ ਕਰਕੇ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਉਂਦਾ ਹੈ। ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦਾ ਮਨੋਬਲ ਵਧਾਉਂਦਾ ਹੈ।

ਇਸ ਮੁਹਿੰਮ ਨੇ ਨਾ ਸਿਰਫ ਰੇਲਵੇ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ, ਸਗੋਂ ਯਾਤਰੀਆਂ ਵਿੱਚ ਜਾਗਰੂਕਤਾ ਵੀ ਪੈਦਾ ਕੀਤੀ। ਫਿਰੋਜ਼ਪੁਰ ਡਵੀਜ਼ਨ ਦਾ ਟੀਚਾ “ਜ਼ੀਰੋ ਟਿਕਟ ਰਹਿਤ ਯਾਤਰਾ” ਹੈ, ਜਿਸ ਲਈ ਲਗਾਤਾਰ ਯਤਨ ਜਾਰੀ ਹਨ।