ਹਮਾਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਦੋਂ ਤੱਕ ਹਥਿਆਰ ਨਹੀਂ ਛੱਡੇਗਾ ਜਦੋਂ ਤੱਕ ਪ੍ਰਭੂਸੱਤਾ ਸੰਪੰਨ ਫਲਸਤੀਨੀ ਰਾਜ ਸਥਾਪਤ ਨਹੀਂ ਹੋ ਜਾਂਦਾ। ਇਹ ਬਿਆਨ ਇਜ਼ਰਾਈਲ ਦੀ ਇਸ ਮੰਗ ਦੇ ਜਵਾਬ ਵਿੱਚ ਆਇਆ ਹੈ ਕਿ ਹਮਾਸ ਨੂੰ ਜੰਗਬੰਦੀ ਅਤੇ ਸਮਝੌਤੇ ਲਈ ਹਥਿਆਰ ਛੱਡਣੇ ਪੈਣਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੱਧ ਪੂਰਬ ਰਾਜਦੂਤ ਸਟੀਵ ਵਿਟਕੌਫ ਦੀ ਟਿੱਪਣੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਹਮਾਸ ਹਥਿਆਰ ਰੱਖਣ ਦੀ ਇੱਛਾ ਰੱਖਦਾ ਹੈ, ਦੇ ਜਵਾਬ ਵਿੱਚ ਹਮਾਸ ਨੇ ਇਹ ਸਟੈਂਡ ਲਿਆ। ਇਜ਼ਰਾਈਲ ਹਮਾਸ ਦੇ ਹਥਿਆਰ ਰੱਖਣ ਨੂੰ ਸੰਘਰਸ਼ ਦੇ ਅੰਤ ਅਤੇ ਸਮਝੌਤੇ ਦੀ ਸਭ ਤੋਂ ਵੱਡੀ ਸ਼ਰਤ ਮੰਨਦਾ ਹੈ।
ਪਿਛਲੇ ਹਫਤੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਅਸਿੱਧੀ ਗੱਲਬਾਤ ਰੁਕ ਗਈ ਹੈ। ਅਰਬ ਦੇਸ਼ਾਂ ਨੇ ਹਮਾਸ ਨੂੰ ਹਥਿਆਰ ਅਤੇ ਗਾਜ਼ਾ ਦਾ ਕੰਟਰੋਲ ਛੱਡਣ ਦੀ ਅਪੀਲ ਕੀਤੀ ਸੀ। ਇਸ ਦੌਰਾਨ, ਫਰਾਂਸ, ਕੈਨੇਡਾ ਵਰਗੇ ਪੱਛਮੀ ਦੇਸ਼ਾਂ ਨੇ ਫਲਸਤੀਨ ਨੂੰ ਰਾਜ ਵਜੋਂ ਮਾਨਤਾ ਦੇਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ, ਜਦਕਿ ਬ੍ਰਿਟੇਨ ਨੇ ਸਤੰਬਰ ਤੱਕ ਇਜ਼ਰਾਈਲ ਦੀ ਸਹਿਮਤੀ ਨਾ ਮਿਲਣ ‘ਤੇ ਅਜਿਹਾ ਕਰਨ ਦੀ ਗੱਲ ਕਹੀ।