ਪੰਜਾਬ ਦੇ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਵਿੱਚ ਵਿਦੇਸ਼ ਜਾਂਦੇ ਹਨ, ਪਰ ਕਈਆਂ ਨੂੰ ਸੰਘਰਸ਼ ਦੌਰਾਨ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਦੁਖਦ ਘਟਨਾ ਕੈਨੇਡਾ ਦੇ ਕੈਲਗਰੀ ਵਿੱਚ ਵਾਪਰੀ, ਜਿੱਥੇ ਫਰੀਦਕੋਟ ਦੇ 22 ਸਾਲਾ ਨੌਜਵਾਨ ਆਕਾਸ਼ਦੀਪ ਸਿੰਘ ਨੇ ਕੰਮ ਨਾ ਮਿਲਣ ਕਾਰਨ ਮਾਨਸਿਕ ਤਣਾਅ ਵਿੱਚ ਆ ਕੇ ਘਰ ਦੇ ਗੈਰਾਜ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਆਕਾਸ਼ਦੀਪ 2023 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਦੇ ਬਰੈਂਪਟਨ ਗਿਆ ਸੀ। ਪੜ੍ਹਾਈ ਦੇ ਨਾਲ-ਨਾਲ ਉਸਨੇ ਪਾਰਟ-ਟਾਈਮ ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨੌਕਰੀ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਗਿਆ। ਬਾਅਦ ਵਿੱਚ ਉਹ ਕੈਲਗਰੀ ਚਲੇ ਗਿਆ, ਜਿੱਥੇ ਵੀ ਉਸਨੂੰ ਕੰਮ ਨਹੀਂ ਮਿਲਿਆ। ਵਿੱਤੀ ਦਬਾਅ ਅਤੇ ਮਾਨਸਿਕ ਸਮੱਸਿਆਵਾਂ ਨੇ ਉਸਨੂੰ ਇਸ ਕਦਮ ਤੱਕ ਪਹੁੰਚਾ ਦਿੱਤਾ।ਘਟਨਾ ਦੀ ਸੂਚਨਾ ਮਿਲਣ ‘ਤੇ ਉਸਦੇ ਸਾਥੀਆਂ ਨੇ ਕੈਨੇਡੀਅਨ ਪੁਲਿਸ ਨੂੰ ਜਾਣਕਾਰੀ ਦਿੱਤੀ।
ਆਕਾਸ਼ਦੀਪ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਆਕਾਸ਼ਦੀਪ ਮਿਹਨਤੀ ਅਤੇ ਹੋਣਹਾਰ ਸੀ, ਪਰ ਕੰਮ ਦੀ ਘਾਟ ਅਤੇ ਵਿੱਤੀ ਸਮੱਸਿਆਵਾਂ ਨੇ ਉਸਨੂੰ ਮਾਨਸਿਕ ਤੌਰ ‘ਤੇ ਤੋੜ ਦਿੱਤਾ। ਪਰਿਵਾਰ ਨੇ ਸਰਕਾਰ ਤੋਂ ਆਕਾਸ਼ਦੀਪ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਇਹ ਘਟਨਾ ਵਿਦੇਸ਼ ਜਾ ਕੇ ਸੰਘਰਸ਼ ਕਰ ਰਹੇ ਪੰਜਾਬੀ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਦੀ ਹੈ। ਵਿਦੇਸ਼ਾਂ ਵਿੱਚ ਨੌਕਰੀ ਅਤੇ ਸਥਿਰਤਾ ਦੀ ਘਾਟ ਕਾਰਨ ਮਾਨਸਿਕ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।