ਬਿਊਰੋ ਰਿਪੋਰਟ: ਮੁਹਾਲੀ ਦੇ ਇੱਕ ਜਿਮ ਵਿੱਚ ਕਸਰਤ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਵਿੱਚ ਪੰਜਾਬੀ ਗਾਇਕ ਅਤੇ ਕਲਾਕਾਰ ਸਤਵੰਤ ਸਿੰਘ ਉਰਫ਼ ਮੰਗੂ ਗਿੱਲ ਨੇ ਜਿਮ ਟ੍ਰੇਨਰ ਵੱਲ ਪਿਸਤੌਲ ਤਾਣ ਦਿੱਤੀ ਸੀ। ਇਸ ਤੋਂ ਬਾਅਦ, ਪੁਲਿਸ ਨੇ ਗਾਇਕ ਅਤੇ ਉਸਦੇ ਭਰਾ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਖ਼ਿਲਾਫ਼ ਆਰਮਜ਼ ਐਕਟ ਸਮੇਤ ਬੀਐਨਐਸ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਉਸਦੀ ਪਿਸਤੌਲ ਵੀ ਜ਼ਬਤ ਕਰ ਲਈ ਗਈ ਹੈ।
ਇਸਦੇ ਨਾਲ ਹੀ, ਉਸਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਸਤਵੰਤ ਸਿੰਘ ਅਤੇ ਉਸਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਘਟਨਾ
ਡੀਐਸਪੀ ਨੇ ਦੱਸਿਆ ਕਿ ਸਤਵੰਤ ਸਿੰਘ ਸੋਹਾਣਾ ਇਲਾਕੇ ਵਿੱਚ ਸਥਿਤ ਇੱਕ ਜਿਮ ਗਿਆ ਸੀ। ਇਸ ਦੌਰਾਨ ਉਸਦੀ ਇੱਕ ਜਿਮ ਟ੍ਰੇਨਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ’ਤੇ ਕਸਰਤ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਟ੍ਰੇਨਰ ਨੇ ਸਤਵੰਤ ਨੂੰ ਜਿਮ ਤੋਂ ਬਾਹਰ ਆ ਕੇ ਗੱਲ ਕਰਨ ਲਈ ਕਿਹਾ, ਪਰ ਸਤਵੰਤ ਨੇ ਜਿਮ ਦੇ ਅੰਦਰ ਇੱਕ ਪਿਸਤੌਲ ਕੱਢ ਕੇ ਉਸ ਵੱਲ ਤਾਣ ਦਿੱਤੀ। ਲੋਕ ਇਕੱਠੇ ਹੋ ਗਏ।
ਇਸ ਤੋਂ ਬਾਅਦ, ਜਦੋਂ ਪੁਲਿਸ ਮੌਕੇ ’ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਜਿਮ ਦੀ ਸੀਸੀਟੀਵੀ ਫੁਟੇਜ ਮਿਲੀ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਤਵੰਤ ਸਿੰਘ ਇੱਕ ਵਿਅਕਤੀ ’ਤੇ ਪਿਸਤੌਲ ਤਾਣ ਰਿਹਾ ਹੈ ਅਤੇ ਜਿਮ ਮਾਲਕ ਦੋਵਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।