ਬਿਊਰੋ ਰਿਪੋਰਟ: ਚੀਫ ਖ਼ਾਲਸਾ ਦੀਵਾਨ (ਅੰਮ੍ਰਿਤਸਰ) ਦੇ ਵਧੀਕ ਆਨਰੇਰੀ ਸਕੱਤਰ ਹਰਿੰਦਰ ਪਾਲ ਸਿੰਘ ਸੇਠੀ ’ਤੇ ਇੱਕ ਨਾਬਾਲਗ ਲੜਕੀ ਦੇ ਜਿਣਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਾ ਹੈ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਵਧੀਕ ਅਡੀਸ਼ਨਲ ਆਨਰੇਰੀ ਸਕੱਤਰ ਦੇ ਪਿਤਾ ਸੰਤੋਖ ਸਿੰਘ ਸੇਠੀ ਕਰੀਬ ਅੱਧੀ ਸਦੀ ਤੋਂ ਦੀਵਾਨ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇੇ ਮੈਂਬਰ ਰਹੇ ਹਨ। ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੇਠੀ ’ਤੇ ਇਲਜ਼ਾਮ ਹਨ ਕਿ ਉਹ ਪਹਿਲਾਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੀ ਪਤਨੀ ਨਾਲ ਕਥਿਤ ਤੌਰ ’ਤੇ ਨਜਾਇਜ਼ ਸਬੰਧ ਰੱਖਦੇੇ ਸਨ, ਫਿਰ ਉਨ੍ਹਾਂ ਦੀ ਨਜ਼ਰ ਰਿਸ਼ਤੇਦਾਰ ਦੀ ਨਾਬਾਲਗ ਲੜਕੀ ’ਤੇ ਆ ਗਈ। ਉਨ੍ਹਾਂ ਨੇ ਲੜਕੀ ਨਾਲ ਕਈ ਵਾਰ ਕਥਿਤ ਤੌਰ ’ਤੇ ਛੇੜਛਾੜ ਕੀਤੀ ਤੇ ਜਦੋਂ ਲੜਕੀ ਨੇ ਆਨਾ-ਕਾਨੀ ਕੀਤੀ ਤਾਂ ਸੇਠੀ ਵੱਲੋਂ ਉਸ ਨੂੰ ਲਾਲਚ ਤੇ ਧਮਕੀਆਂ ਵੀ ਦਿੱਤੀਆਂ ਗਈਆਂ।
ਪੀੜਤ ਨਾਬਾਲਗ ਲੜਕੀ ਨੇ ਸੇਠੀ ਬਾਰੇ ਦਰਜ ਕਰਵਾਈ ਐਫਆਈਆਰ ’ਚ ਪੁਲਿਸ ਨੂੂੰ ਦੱਸਿਆ ਕਿ ਉਹ 2022 ਤੇ 2023 ਦੀਆਂ ਗਰਮੀਆਂ ਦੀਆਂ ਛੁਟੀਆਂ ’ਚ ਸੇਠੀ, ਜੋ ਕਿ ਉਸ ਦਾ ਨੇੜੇ ਦੇ ਰਿਸ਼ਤੇਦਾਰ ਹਨ, ਦੇ ਘਰ ਆਪਣੀ ਮਾਂ ਨਾਲ ਗਈ ਸੀ। ਘਰ ’ਚ ਸੇਠੀ ਨੇ ਉਸ ਨਾਲ ਛੇੜਛਾੜ ਕੀਤੀ। ਸਾਲ 2023 ਦੀ 24 ਅਕਤੂਬਰ ਨੂੰ ਸੇਠੀ ਨੇ ਉਸ ਨੂੰ ’ਤੇ ਉਸ ਦੀ ਮਾਂ ਨੂੰ ਦਿੱਲੀ ਦੇ ਇਕ ਹੋਟਲ ’ਚ ਬੁਲਾਇਆ, ਇੱਥੇ ਉਨ੍ਹਾਂ ਨੇ ਫਿਰ ਤੋਂ ਉਸ ਨਾਲ ਛੇੜਛਾੜ ਕੀਤੀ ਸੀ।
ਐਫਆਈਆਰ ਅਨੁਸਾਰ ਸੇਠੀ ਨੇ ਨਾਬਾਲਕ ਦੀ ਮਾਂ ਨਾਲ ਵੀ ਹੋਟਲ ’ਚ ਸਰੀਰਕ ਸੰਬਧ ਬਣਾਏ ਤੇ ਬਾਅਦ ਵਿੱਚ ਉਸ ਨੂੰ ਦਸ ਹਜ਼ਾਰ ਰੁਪਏ ਤੇ ਇੱਕ ਫੋਨ ਵੀ ਲੈ ਕੇ ਦਿੱਤਾ। ਪੀੜਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ’ਤੇ ਸੇਠੀ ਵਿਚਾਲੇ ਫ਼ੋਨ ’ਤੇ ਹੋਈ ਇਕ ਅਸ਼ਲੀਲ ਗੱਲਬਾਤ ਵੀ ਸੁਣੀ ਹੈ।
ਇਸ ਸਾਰੇ ਮਾਮਲੇ ਦੀ ਸ਼ਿਕਾਇਤ ਦਿੱਲੀ ਦੇ ਇੱਕ ਥਾਣੇ ਵਿੱਚ ਦਰਜ ਕਰਵਾਈ, ਪਰ ਮਾਮਲਾ ਅੰਮ੍ਰਿਤਸਰ ਦਾ ਹੋਣ ਕਾਰਨ ਇਸ ਮਾਮਲੇ ਨੂੰ ਦਿੱਲੀ ਪੁਲਿਸ ਨੇ ਅੰਮ੍ਰਿਤਸਰ ਭੇਜ ਦਿੱਤਾ।
ਸੇਠੀ ਦਾ ਪੱਖ
ਇਸ ਸੰਬਧੀ ਹਰਿੰਦਰਪਾਲ ਸਿੰਘ ਸੇਠੀ ਨੇ ਪੀੜਤ ਲੜਕੀ ਦੇ ਪਿਤਾ ’ਤੇ ਧਮਕਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਲੜਕੀ ਉਨ੍ਹਾਂ ਨੂੰ ਬਲੈਕ-ਮੇਲ ਕਰਨ ਦੀ ਨੀਯਤ ਨਾਲ ਉਨ੍ਹਾਂ ਕੋਲੋਂ ਪਾਸੋ ਪੈਸੇ ਮੰਗਦੀ ਸੀ, ਜਦੋਂ ਪੈਸੇ ਨਹੀ ਦਿੱਤੇ ਤਾਂ ਉਸ ਨੇ ਘਿਣਾਉਣਾ ਮਾਮਲਾ ਦਰਜ ਕਰਵਾ ਦਿੱਤਾ ਹੈ।