ਬਿਊਰੋ ਰਿਪੋਰਟ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਬਾਪੂ ਰੇਹੜੀ ’ਤੇ ਕੂੜਾ-ਕਰਕਟ ਇਕੱਠਾ ਕਰਕੇ ਲਿਜਾਉਂਦਾ ਨਜ਼ਰ ਆ ਰਿਹਾ ਹੈ। ਇਹ ਬਾਪੂ ਜੀ ਇੱਕ ਸੇਵਾਮੁਕਤ ਆਈਪੀਐਸ ਅਧਿਕਾਰੀ (ਡੀਆਈਜੀ) 88 ਸਾਲਾ ਇੰਦਰਜੀਤ ਸਿੰਘ ਸਿੱਧੂ ਹਨ। ਉਹ 6 ਵਜੇ ਆਪਣੀ ਸਵੇਰ ਸ਼ੁਰੂ ਕਰਦੇ ਹਨ। ਜਿਵੇਂ ਹੀ ਜ਼ਿਆਦਾਤਰ ਬਜ਼ੁਰਗ ਸੈਰ ਲਈ ਬਾਹਰ ਨਿਕਲਣ ਲਈ ਤਿਆਰ ਹੁੰਦੇ ਹਨ, ਸਿੱਧੂ ਸੈਕਟਰ 49 ਦੇ ਆਲੇ-ਦੁਆਲੇ ਆਪਣੀ ਰੇਹੜੀ ਲਿਜਾਉਂਦੇ ਹਨ ਤੇ ਆਸ-ਪਾਸ ਖਿੱਲਰਿਆ ਹੋਇਆ ਕੂੜਾ ਇਕੱਠਾ ਕਰਦੇ ਹਨ। ਉਹ ਹਰ ਰੋਜ਼ ਬਿਨਾ ਨਾਗਾ ਇਹ ਕੰਮ ਕਰਦੇ ਹਨ।
ਸਿੱਧੂ 1996 ਵਿੱਚ ਪੰਜਾਬ ਪੁਲਿਸ ਤੋਂ ਡੀਆਈਜੀ ਵਜੋਂ ਸੇਵਾਮੁਕਤ ਹੋਏ ਅਤੇ ਹੁਣ ਸੈਕਟਰ 49 ਵਿੱਚ ਆਈਏਐਸ-ਆਈਪੀਐਸ ਅਫਸਰਾਂ ਦੀ ਕੋਆਪਰੇਟਿਨ ਸੋਸਾਇਟੀ ਵਿੱਚ ਰਹਿੰਦੇ ਹਨ। ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ, ਦਿਨ-ਰਾਤ ਕੂੜਾ ਖਿੰਡਿਆ ਹੋਇਆ ਦੇਖ ਕੇ ਉਨ੍ਹਾਂ ਨੂੰ ਘਿਣ ਆਉਂਦੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਅਧਿਕਾਰੀਆਂ ਨੂੰ ਇਸਦੀ ਸ਼ਿਕਾਇਤ ਵੀ ਕੀਤੀ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਅੰਤ ਵਿੱਚ, ਉਨ੍ਹਾਂ ਨੇ ਇਸਨੂੰ ਆਪਣੇ ਜ਼ਿੰਮੇ ਲੈਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਕੰਮ ਵਿੱਚ ਕੋਈ ਸ਼ਰਮ ਨਹੀਂ ਆਉਂਦੀ।
ਇੱਥੋਂ ਤੱਕ ਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ ਪਾਗਲ ਤੱਕ ਸਮਝਦੇ ਸਨ। ਪਰ ਲੋਕਾਂ ਦੀਆਂ ਟਿੱਪਣੀਆਂ ਕਰਕੇ ਉਹ ਕਦੇ ਵੀ ਰੁਕੇ ਨਹੀਂ। ਜਦੋਂ ਸਫ਼ਾਈ ਕਰਮਚਾਰੀ ਆਪਣਾ ਕੰਮ ਨਹੀਂ ਕਰਦੇ ਤਾਂ ਉਹ ਉਨ੍ਹਾਂ ਦੀਆਂ ਰਿਹੜੀਆਂ ਲੈ ਕੇ ਆਪ ਸਫ਼ਾਈ ਅਭਿਆਨ ਕਰਨਾ ਸ਼ੁਰੂ ਕਰ ਦਿੰਦੇ ਹਨ। ਹੁਣ ਤਾਂ ਆਸ-ਪਾਸ ਦੇ ਲੋਕ ਵੀ ਉਨ੍ਹਾਂ ਦੀ ਇਸ ਪਹਿਲ ਦਾ ਸਮਰਥਨ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਵੱਛਤਾ ਸਰਵੇਖਣ ਵਿੱਚ ਚੰਡੀਗੜ੍ਹ ਪਿੱਛੇ ਰਹਿ ਗਿਆ ਤਾਂ ਉਨ੍ਹਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇਹ ਕੰਮ ਉਨ੍ਹਾਂ ਨੂੰ ਸੰਤੁਸ਼ਟੀ ਦਿੰਦਾ ਹੈ।