Punjab

ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 22 ਜੁਲਾਈ 2025 ਨੂੰ ਹੋਈ ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਲੈਂਡ ਪੂਲਿੰਗ ਨੀਤੀ ਸਬੰਧੀ ਵੱਡੇ ਐਲਾਨ ਕੀਤੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਲਿਆ ਹੈ ਕਿ ਕਿਸਾਨਾਂ ਨੂੰ ਲੈਂਡ ਪੂਲਿੰਗ ਸਕੀਮ ਅਧੀਨ ਪਲਾਟ ਦੇ ਕਬਜ਼ੇ ਤੱਕ ਸਾਲਾਨਾ 1 ਲੱਖ ਰੁਪਏ ਦਿੱਤੇ ਜਾਣਗੇ, ਜੋ ਪਹਿਲਾਂ 50 ਹਜ਼ਾਰ ਸੀ। ਜੇਕਰ ਪ੍ਰੋਜੈਕਟ ਵਿੱਚ ਦੇਰੀ ਹੁੰਦੀ ਹੈ, ਤਾਂ ਇਸ ਰਕਮ ਵਿੱਚ ਹਰ ਸਾਲ 10% ਵਾਧਾ ਹੋਵੇਗਾ। ਨਾਲ ਹੀ, ਜਦੋਂ ਤੱਕ ਖੇਤਰ ਵਿਕਸਤ ਨਹੀਂ ਹੁੰਦਾ, ਕਿਸਾਨ ਆਪਣੀ ਜ਼ਮੀਨ ‘ਤੇ ਖੇਤੀ ਜਾਰੀ ਰੱਖ ਸਕਣਗੇ।

ਸਹਿਮਤੀ ਦੇਣ ਵਾਲੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦਾ ਚੈੱਕ ਵੀ ਮਿਲੇਗਾ। ਮਾਨ ਨੇ ਸਪੱਸ਼ਟ ਕੀਤਾ ਕਿ ਇਹ ਨੀਤੀ ਸਵੈ-ਇੱਛੁਕ ਹੈ ਅਤੇ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਅਫਵਾਹਾਂ ਫੈਲਾਉਣ ਦਾ ਦੋਸ਼ ਲਗਾਇਆ।

ਉਨ੍ਹਾਂ ਅਨੁਸਾਰ, ਇਸ ਨੀਤੀ ਦਾ ਮਕਸਦ ਜ਼ਮੀਨ ਮਾਲਕਾਂ ਨੂੰ ਸਿੱਧਾ ਲਾਭ ਪਹੁੰਚਾਉਣਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿਕਸਤ ਜ਼ਮੀਨ ਦੇ ਪਲਾਟ ਮਿਲਣਗੇ, ਜਿਨ੍ਹਾਂ ਦੀ ਕੀਮਤ ਮੌਜੂਦਾ ਜ਼ਮੀਨ ਨਾਲੋਂ ਕਈ ਗੁਣਾ ਜ਼ਿਆਦਾ ਹੋਵੇਗੀ। ਇੱਕ ਏਕੜ ਜ਼ਮੀਨ ਦੇ ਬਦਲੇ 1000 ਵਰਗ ਗਜ਼ ਰਿਹਾਇਸ਼ੀ ਅਤੇ 200 ਵਰਗ ਗਜ਼ ਵਪਾਰਕ ਪਲਾਟ ਦਿੱਤਾ ਜਾਵੇਗਾ।

ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਇੱਕ ਏਕੜ ਤੋਂ ਘੱਟ ਹੈ, ਉਨ੍ਹਾਂ ਨੂੰ ਵੀ ਪਲਾਟ ਦਿੱਤੇ ਜਾਣਗੇ, ਅਤੇ ਜੇਕਰ ਕੋਈ ਵਪਾਰਕ ਪਲਾਟ ਨਹੀਂ ਚਾਹੁੰਦਾ, ਤਾਂ ਰਿਹਾਇਸ਼ੀ ਖੇਤਰ ਵਧਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ ਅਤੇ ਸੂਬੇ ਦੇ 27 ਸ਼ਹਿਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਉਤਸ਼ਾਹਿਤ ਕਰੇਗੀ।

ਮਾਨ ਨੇ ਐਸਜੀਪੀਸੀ (SGPC) ‘ਤੇ ਸਵਾਲ ਉਠਾਏ ਹਨ। ਮਾਨ ਨੇ ਕਿਹਾ ਕਿ ਗੁਰੂ ਸਾਹਿਬ ਸਾਰੇ ਸਿੱਖਾਂ ਦੇ ਸਾਂਝੇ ਹਨ ਅਤੇ ਕਿਸੇ ਇੱਕ ਸੰਸਥਾ ਨੂੰ ਉਨ੍ਹਾਂ ‘ਤੇ ਅਧਿਕਾਰ ਜਤਾਉਣ ਦੀ ਇਜਾਜ਼ਤ ਨਹੀਂ। ਉਨ੍ਹਾਂ ਨੇ ਪੁੱਛਿਆ ਕਿ ਕੀ ਐਸਜੀਪੀਸੀ ਨੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਜਾਂ ਪ੍ਰਕਾਸ਼ ਪੁਰਬ ਦਾ ਕਾਪੀਰਾਈਟ ਲੈ ਲਿਆ ਹੈ?

ਮਾਨ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜਦੋਂ ਬਾਦਲ ਸਰਕਾਰ  ਨੇ 300 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਤਾਂ ਐਸਜੀਪੀਸੀ ਨੇ ਦਖਲ ਕਿਉਂ ਨਹੀਂ ਦਿੱਤਾ? ਉਨ੍ਹਾਂ ਨੇ ਧਾਮੀ ‘ਤੇ ਚੋਣ ਪ੍ਰਚਾਰ ਦੌਰਾਨ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਗੁਰੂ ਸਾਹਿਬ ਸਾਰਿਆਂ ਦੇ ਹਨ, ਸਾਰਿਆਂ ਨੂੰ ਪ੍ਰਕਾਸ਼ ਪੁਰਬ ਮਨਾਉਣ ਦਾ ਹੱਕ ਹੈ। ਐਸਜੀਪੀਸੀ ਪ੍ਰਧਾਨ ਨੂੰ ਸੰਬੋਧਿਤ ਕਰਦਿਆਂ, ਭਗਵੰਤ ਮਾਨ ਨੇ ਕਿਹਾ ਕਿ ਅਧੂਰੀ ਜਾਣਕਾਰੀ ਫੈਲਾਉਣਾ ਖਤਰਨਾਕ ਹੈ, ਅਤੇ ਇਹ ਲੋਕਾਂ ਵਿੱਚ ਗਲਤਫਹਿਮੀ ਪੈਦਾ ਕਰਦਾ ਹੈ।