ਬਿਊਰੋ ਰਿਪੋਰਟ: ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਪਿਛਲੇ ਕਈ ਦਿਨਾਂ ਤੋਂ ਈ-ਮੇਲਾਂ ਰਾਹੀਂ ਆ ਰਹੀਆਂ ਧਮਕੀਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕੇ ਇਸ ਮੁਕੱਦਸ ਅਸਥਾਨ ਨੂੰ ਧਮਕੀ ਭਰੇ ਈਮੇਲ ਭੇਜ ਕੇ ਸੰਗਤਾਂ ਵਿੱਚ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਦਿਨਾਂ ਤੋਂ ਈਮੇਲ ਆ ਰਹੇ ਨੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਅੱਜ ਦੇ ਤਕਨੀਕੀ ਯੁੱਗ ਵਿੱਚ ਅਜੇ ਤੱਕ ਬੰਦਿਆਂ ਦੀ ਪਛਾਣ ਨਹੀਂ ਕਰ ਸਕੀ।
ਉਹਨਾਂ ਕਿਹਾ ਕਿ ਅੱਜ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਇੱਕ ਬੰਦੇ ਦੀ ਪਛਾਣ ਕੀਤੀ ਹੈ ਅਤੇ ਉਸ ਬੰਦੇ ਪਿੱਛੇ ਦੇ ਅਸਲ ਸਾਜ਼ਿਸਘਾੜੇ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਇਹ ਕੇਂਦਰੀ ਏਜੰਸੀਆਂ ਤੇ ਪੰਜਾਬ ਸਰਕਾਰ ਦਾ ਕੰਮ ਹੈ ਅਤੇ ਉਹਨਾਂ ਨੂੰ ਇਸ ਬਾਖੂਬੀ ਕਰਨਾ ਚਾਹੀਦਾ ਹੈ।
ਜਥੇਦਾਰ ਨੇ ਕਿਹਾ ਕਿ ਐਸੇ ਲੋਕਾਂ ਦੀ ਸਿੱਖ ਕੌਮ ਨੂੰ ਡਰਾਉਣ ਦੀ ਕੋਝੀ ਸਾਜ਼ਿਸ਼ ਦਾ ਸਿੱਖਾਂ ਵਰਗੀ ਦਲੇਰ ਕੌਮ ਤੇ ਭੋਰਾ ਅਸਰ ਨਹੀਂ ਹੈ ਅਤੇ ਸਿੱਖ ਸੰਗਤ ਇਸੇ ਤਰੀਕੇ ਬਿਨਾਂ ਡਰ-ਭੈਅ ਤੋਂ ਮੱਥਾ ਟੇਕਣ ਦੇ ਲਈ ਆ ਰਹੀ ਹੈ।