India Punjab

ED ਨੇ ਜਨਮਦਿਨ ‘ਤੇ ਚੁੱਕ ਲਿਆ ਭੂਪੇਸ਼ ਬਘੇਲ ਦਾ ਪੁੱਤਰ! ਰਾਜਾ ਵੜਿੰਗ ਨੇ ਜਤਾਇਆ ਰੋਸ

ਬਿਊਰੋ ਰਿਪੋਰਟ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛੱਤੀਸਗੜ੍ਹ ਦੇ ਭਿਲਾਈ ਵਿੱਚ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਹ ਗ੍ਰਿਫ਼ਤਾਰੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ। ਹਾਲਾਂਕਿ, ਇਸਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।

ਈਡੀ ਨੇ ਚੈਤਨਿਆ ਬਘੇਲ ਨੂੰ ਰਾਏਪੁਰ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਚੈਤਨਿਆ ਨੂੰ 5 ਦਿਨਾਂ ਦੇ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ। ਈਡੀ ਦੀ ਟੀਮ ਰਾਏਪੁਰ ਦਫ਼ਤਰ ਵਿੱਚ ਚੈਤਨਿਆ ਤੋਂ ਪੁੱਛਗਿੱਛ ਕਰੇਗੀ। ਇਸ ਦੌਰਾਨ, ਕਾਂਗਰਸ ਦੇ ਸਾਰੇ ਵੱਡੇ ਆਗੂ ਭੂਪੇਸ਼ ਬਘੇਲ ਦੇ ਬੰਗਲੇ ਵਿੱਚ ਮੀਟਿੰਗ ਲਈ ਰਵਾਨਾ ਹੋ ਗਏ ਹਨ।

ਭੁਪੇਸ਼ ਬਘੇਲ ਨੇ X ’ਤੇ ਪੋਸਟ ਕੀਤਾ ਅਤੇ ਲਿਖਿਆ- ED ਆ ਗਿਆ ਹੈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਅਡਾਨੀ ਲਈ ਤਮਨਾਰ ਵਿੱਚ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਅੱਜ ਉਠਾਇਆ ਜਾਣਾ ਸੀ। ‘ਸਾਹਿਬ’ ਨੇ ਭਿਲਾਈ ਰਿਹਾਇਸ਼ ’ਤੇ ED ਭੇਜ ਦਿੱਤਾ ਹੈ।

ਵਿਧਾਨ ਸਭਾ ਜਾਂਦੇ ਸਮੇਂ ਭੁਪੇਸ਼ ਬਘੇਲ ਨੇ ਕਿਹਾ- ਪਿਛਲੀ ਵਾਰ ਮੇਰੇ ਜਨਮਦਿਨ ’ਤੇ ਈਡੀ ਭੇਜੀ ਗਈ ਸੀ। ਇਸ ਵਾਰ ਮੇਰੇ ਪੁੱਤਰ ਦੇ ਜਨਮਦਿਨ ’ਤੇ ਮੋਦੀ-ਸ਼ਾਹ ਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਈਡੀ ਭੇਜੀ ਹੈ। ਭੁਪੇਸ਼ ਬਘੇਲ ਨਾ ਤਾਂ ਝੁਕੇਗਾ ਅਤੇ ਨਾ ਹੀ ਡਰੇਗਾ। ਅੱਜ ਅਡਾਨੀ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ, ਇਸੇ ਲਈ ਈਡੀ ਭੇਜੀ ਗਈ ਹੈ।

ਰਾਜਾ ਵੜਿੰਗ ਨੇ ਜਤਾਇਆ ਰੋਸ

ਇਸ ਮਾਮਲੇ ਸਬੰਧੀ ਪੋਸਟ ਸ਼ੇਅਰ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਹੈ ਪਰ ਵਿਰੋਧੀ ਆਗੂਆਂ ਨੂੰ ਈਡੀ ਵੱਲੋਂ ਤੰਗ ਕਰਨ ਦੀ ਕੋਈ ਸੀਮਾ ਨਹੀਂ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਸੀਨੀਅਰ ਕਾਂਗਰਸ ਆਗੂ ਅਤੇ ਛੱਤਤੀਸਗੜ੍ਹ ਦੇ ਪੂਰਵ ਮੁੱਖ ਮੰਤਰੀ ਦੀਆਂ ਰਹਾਇਸ਼ਾਂ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਨੂੰ ਇੱਕ ਨਿਯਮਤ ਕਾਰਵਾਈ ਬਣਾਏ ਜਾਣਾ ਹੈਰਾਨੀਜਨਕ ਹੈ। ਵੜਿੰਗ ਨੇ ਕਿਹਾ ਕਿ ਅਸੀਂ ਭਗੇਲ ਸਾਹਿਬ ਦੇ ਨਾਲ ਏਕਤਾ ਵਿੱਚ ਖੜ੍ਹੇ ਹਾਂ।