Khetibadi Punjab

ਸੰਯੁਕਤ ਕਿਸਾਨ ਮੋਰਚੇ ਦੀ ਸਰਬ ਪਾਰਟੀ ਮੀਟਿੰਗ ਭਲਕੇ! ਲਾਈਵ ਕੀਤਾ ਜਾਵੇਗਾ ਪ੍ਰਸਾਰਣ, ਇਹ ਹੋਣਗੇ ਮੁੱਦੇ

ਬਿਊਰੋ ਰਿਪੋਰਟ: ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ ਜਿਸਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਇਸ ਦਾ ਲਿੰਕ ਮੀਡੀਆ ਨੂੰ ਵੀ ਜਾਰੀ ਕੀਤਾ ਜਾਵੇਗਾ। ਮੀਟਿੰਗ ਵਿੱਚ ਲੈਂਡ ਪੂਲਿਗ ਨੀਤੀ, ਪੰਜਾਬ ਦੇ ਪਾਣੀਆਂ ਦਾ ਸੰਕਟ ਅਤੇ ਵੰਡ ਨਾਲ ਸਬੰਧਤ ਮਾਮਲੇ, ਅਮਰੀਕਾ ਅਤੇ ਹੋਰ ਮੁਲਕਾਂ ਨਾਲ ਫਰੀ ਟਰੇਡ ਸਮਝੌਤੇ ਅਤੇ ਸਹਿਕਾਰੀ ਸਭਾਵਾਂ ਦੀ ਹਾਲਤ ਨਾਲ ਸਬੰਧਿਤ ਮੁੱਦਿਆਂ ’ਤੇ ਪਾਰਟੀਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਜਾਵੇਗਾ। ਮੀਟਿੰਗ 11 ਵਜੇ ਸ਼ੁਰੂ ਹੋਵੇਗੀ। ਸਿਆਸੀ ਧਿਰਾਂ ਨੂੰ ਆਪੋਂ-ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਸੁਝਾਅ ਦੇਣ ਲਈ ਸਮਾਂ ਦਿੱਤਾ ਜਾਵੇਗਾ। ਮਗਰੋਂ ਕਿਸਾਨ ਆਗੂਆਂ ਵਲੋਂ ਸਿਆਸੀ ਧਿਰਾਂ ਨਾਲ ਸਵਾਲ-ਜਵਾਬ ਦਾ ਸੈਸ਼ਨ ਵੀ ਹੋਵੇਗਾ।

ਇਸ ਮੀਟਿੰਗ ਦੀ ਖ਼ਾਸ ਗੱਲ ਇਹ ਹੈ ਕਿ ਇਲੈਕਟ੍ਰਾਨਿਕ ਮੀਡੀਆਂ ਨੂੰ ਮੀਟਿੰਗ ਦਾ ਲਾਈਵ ਲਿੰਕ ਦਿੱਤਾ ਜਾਵੇਗਾ। ਫੋਟੋ ਜਰਨਲਿਸਟਾਂ ਨੂੰ ਵੀ ਮੀਟਿੰਗ ਦੇ ਸ਼ੁਰੂ ਵਿੱਚ ਫੋਟੋ ਖਿੱਚਣ ਦਾ ਮੌਕਾ ਦਿੱਤਾ ਜਾਵੇਗਾ। ਮੀਟਿੰਗ ਦੀ ਸਮਾਪਤੀ ਮਗਰੋਂ ਢਾਈ ਵਜੇ ਕਿਸਾਨ ਆਗੂਆਂ ਵਲੋਂ ਕਿਸਾਨ ਭਵਨ ਵਿਖੇ ਹੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

ਮੀਟਿੰਗ ਹਾਲ ਵਿੱਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਮਨੋਨੀਤ ਸੀਨੀਅਰ ਆਗੂ ਸਾਹਿਬਾਨ ਅਤੇ ਸਿਆਸੀ ਧਿਰਾਂ ਦੇ ਆਗੂ ਸਾਹਿਬਾਨਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਹਰੇਕ ਆਗੂ ਪ੍ਰਬੰਧਕੀ ਟੀਮ ਵਲੋਂ ਨਿਰਧਾਰਤ ਕੀਤੀ ਥਾਂ ਉੱਤੇ ਹੀ ਬੈਠਣ ਲਈ ਕਿਹਾ ਗਿਆ ਹੈ। ਬਾਕੀ ਹਾਜ਼ਰੀਨ ਲਈ ਕਿਸਾਨ ਭਵਨ ਦੇ ਅੰਦਰ ਐਲਸੀਡੀ ’ਤੇ ਬੈਠ ਕੇ ਵੇਖਣ ਦਾ ਪ੍ਰਬੰਧ ਕੀਤਾ ਗਿਆ ਹੈ।