Punjab

ਖਹਿਰੇ ਨੇ ਮਾਨ ਸਰਕਾਰ ਹਰਪਾਲ ਚੀਮਾ ਨੂੰ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰੇ ਨੇ ਮਾਨ ਸਰਕਾਰ ‘ਤੇ 1986 ਦੇ ਨਕੋਦਰ ਗੋਲੀ ਕਾਂਡ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਤੇ ਤਿੱਖਾ ਹਮਲਾ ਬੋਲਿਆ।

ਖਹਿਰੇ ਨੇ ਟਵੀਟ ਕਰਕੇ ਕਿਹਾ ਕਿ ਪੀੜਤ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਜਨਤਕ ਤੌਰ ‘ਤੇ ਸੰਧਵਾਂ ਅਤੇ ਚੀਮਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ 3.5 ਸਾਲਾਂ ਦੇ ਸ਼ਾਸਨ ‘ਚ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਦਾ ਦੋਸ਼ ਲਗਾਇਆ ਅਤੇ “ਨਕਲੀ ਇਨਕਲਾਬੀਆਂ” ਦੇ ਦੋਹਰੇ ਮਾਪਦੰਡਾਂ ‘ਤੇ ਸਵਾਲ ਉਠਾਏ। ਖਹਿਰੇ ਨੇ ਕਿਹਾ ਕਿ ਚੀਮਾ ਨੇ ਵਿਧਾਨ ਸਭਾ ‘ਚ ਇਹ ਮੁੱਦਾ ਨਿਆਂ ਲਈ ਨਹੀਂ, ਸਗੋਂ ਨਿੱਜੀ ਨਫ਼ਰਤ ਅਤੇ ਬਦਲੇ ਦੀ ਭਾਵਨਾ ਨਾਲ ਉਠਾਇਆ।

ਉਨ੍ਹਾਂ ਨੇ ਵਿਧਾਨ ਸਭਾ ਦੇ ਪਲੇਟਫਾਰਮ ਦੀ ਦੁਰਵਰਤੋਂ ਦਾ ਦੋਸ਼ ਲਗਾਇਆ, ਖਾਸਕਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਪਵਿੱਤਰ ਮੁੱਦੇ ‘ਤੇ ਚਰਚਾ ਹੋ ਰਹੀ ਸੀ। ਖਹਿਰੇ ਨੇ ਚੀਮਾ ਨੂੰ ਨਿੱਜੀ ਰੰਜਿਸ਼ ਦੇ ਮੁੱਦੇ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ, ਜਿਸ ‘ਚ ਚੀਮਾ ਆਪਣੇ ਗਨਮੈਨ ਵੀ ਨਾਲ ਲਿਆ ਸਕਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਨਿਆਂ ਦੀਆਂ ਕੋਸ਼ਿਸ਼ਾਂ ‘ਚ ਰੁਕਾਵਟ ਪਾਉਣ ਦਾ ਦੋਸ਼ ਵੀ ਲਗਾਇਆ।