ਬਿਉਰੋ ਰਿਪੋਰਟ: ਅਮਰੀਕਾ ਵਿੱਚ ਐਫਬੀਆਈ ਅਤੇ ਸਥਾਨਕ ਏਜੰਸੀਆਂ ਨੇ 11 ਜੁਲਾਈ ਨੂੰ ਕੈਲੀਫੋਰਨੀਆ ਦੇ ਸੈਨ ਜੋਆਕੁਇਨ ਕਾਉਂਟੀ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤ ਤੋਂ ਫਰਾਰ ਹੋਏ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਸਟਾਕਟਨ, ਮੈਂਟੇਕਾ ਅਤੇ ਸਟੈਨਿਸਲਾਸ ਕਾਉਂਟੀ ਦੀਆਂ ਸਵੈਟ ਟੀਮਾਂ ਅਤੇ ਐਫਬੀਆਈ ਦੀ ਸਪੈਸ਼ਲ ਯੂਨਿਟ ਦੀ ਮਦਦ ਨਾਲ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ, ਭਾਰਤੀ ਮੂਲ ਦੇ 8 ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰਾ ਸਿੰਘ ਉਰਫ ਪਵਿੱਤਰਾ ਬਟਾਲਾ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਅਤੇ ਸਰਬਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਰੁੱਧ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।
ਸਾਰਿਆਂ ਨੂੰ ਭੇਜਿਆ ਗਿਆ ਜੇਲ੍ਹ
ਇਨ੍ਹਾਂ ਸਾਰਿਆਂ ਵਿਰੁੱਧ ਅਗਵਾਹ, ਤਸ਼ੱਦਦ, ਗੈਰ-ਕਾਨੂੰਨੀ ਕੈਦ, ਅਪਰਾਧਿਕ ਸਾਜ਼ਿਸ਼, ਗਵਾਹਾਂ ਨੂੰ ਡਰਾਉਣਾ, ਅਰਧ-ਆਟੋਮੈਟਿਕ ਹਥਿਆਰਾਂ ਨਾਲ ਹਮਲਾ, ਦਹਿਸ਼ਤ ਫੈਲਾਉਣ ਦੀ ਧਮਕੀ, ਗੈਂਗ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਰੱਖਣ, ਮਸ਼ੀਨ ਗਨ ਅਤੇ ਅਸਾਲਟ ਰਾਈਫਲਾਂ ਰੱਖਣ, ਸ਼ਾਰਟ-ਬੈਰਲ ਰਾਈਫਲਾਂ ਬਣਾਉਣ ਅਤੇ ਗੈਰ-ਕਾਨੂੰਨੀ ਮੈਗਜ਼ੀਨ ਵੇਚਣ ਵਰਗੇ ਗੰਭੀਰ ਇਲਜ਼ਾਮ ਹਨ। ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ, ਉਨ੍ਹਾਂ ਨੂੰ ਅਮਰੀਕਾ ਦੀ ਇੱਕ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਐਫਬੀਆਈ ਦੇ ਇਸ ਆਪ੍ਰੇਸ਼ਨ ਦੌਰਾਨ, ਮੁਲਜ਼ਮਾਂ ਤੋਂ 5 ਪਿਸਤੌਲ (ਆਟੋਮੈਟਿਕ ਗਲੋਕ), ਇੱਕ ਅਸਾਲਟ ਰਾਈਫਲ, ਸੈਂਕੜੇ ਗੋਲ਼ੀਆਂ, ਉੱਚ-ਸਮਰੱਥਾ ਵਾਲੇ ਮੈਗਜ਼ੀਨ ਅਤੇ 15,000 ਡਾਲਰ ਦੀ ਨਕਦੀ ਜ਼ਬਤ ਕੀਤੀ ਗਈ ਹੈ।