ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਪ੍ਰਧਾਨ ਸੁੱਖ ਗਿੱਲ ਦੇ ਠਿਕਾਣਿਆਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਹੈ। ਠਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲ ਰਹੀ ਹੈ।
ਕਿਸਾਨ ਆਗੂ ਸੁਖ ਗਿੱਲ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਈਡੀ ਨੇ ਅਚਾਨਕ ਰੇਡ ਕੀਤੀ। ਉਨ੍ਹਾਂ ਸਵਾਲ ਉਠਾਇਆ ਕਿ ਜਿਨ੍ਹਾਂ ਲੋਕਾਂ ਨੇ ਕਰੋੜਾਂ ਰੁਪਏ ਕਮਾਏ, ਈਡੀ ਉਨ੍ਹਾਂ ਦੇ ਘਰ ਰੇਡ ਕਿਉਂ ਨਹੀਂ ਕਰਦੀ?
ਉਨ੍ਹਾਂ ਕਿਹਾ ਕਿ ਉਹ ਮੱਧ ਵਰਗੀ ਪਰਿਵਾਰ ਦੇ ਛੋਟੇ ਕਿਸਾਨ ਹਨ, ਜੋ ਖੇਤੀ ਕਰਕੇ ਗੁਜ਼ਾਰਾ ਕਰਦੇ ਹਨ। ਈਡੀ ਨੇ ਉਨ੍ਹਾਂ ਦੇ ਘਰ ਦੀਆਂ ਅਲਮਾਰੀਆਂ ਅਤੇ ਸਮਾਨ ਦੀ ਤਲਾਸ਼ੀ ਲਈ, ਪਰ ਕੁਝ ਵੀ ਨਹੀਂ ਮਿਲਿਆ। ਸੁਖ ਗਿੱਲ ਨੇ ਇਸ ਰੇਡ ਨੂੰ ਸਾਜ਼ਿਸ਼ ਕਰਾਰ ਦਿੱਤਾ ਅਤੇ ਪੁੱਛਿਆ ਕਿ ਇਹ ਕਿਸ ਦੇ ਇਸ਼ਾਰੇ ’ਤੇ ਹੋਈ।
ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ ਸਿੱਧੀ ਗੱਲਬਾਤ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਨਾਲ ਜੁੜੇ ਹਨ ਅਤੇ ਬੀਜੇਪੀ ਸਰਕਾਰ ਜਾਂ ਪੰਜਾਬ ਸਰਕਾਰ ਕਿਸਾਨਾਂ ’ਤੇ ਜ਼ੁਲਮ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਆਪਣਾ ਕੰਮ ਕਰਨ ਅਤੇ ਕਿਸਾਨ ਆਗੂਆਂ ਨੂੰ ਉਨ੍ਹਾਂ ਦਾ ਕੰਮ ਕਰਨ ਦੇਣ। ਉਨ੍ਹਾਂ ਨੇ ਸਰਕਾਰ ’ਤੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਅਤੇ ਇਸ ਸਾਜ਼ਿਸ਼ ਦਾ ਵਿਰੋਧ ਕੀਤਾ।