Punjab

ਲੁਧਿਆਣਾ ਵਿੱਚ ਨਾਬਾਲਗ ਵਿਦਿਆਰਥਣ ਨਾਲ ਘਿਨੌਣਾ ਕੰਮ, ਜਾਂਚ ‘ਚ ਜੁਟੀ ਪੁੁਲਿਸ

ਲੁਧਿਆਣਾ ਵਿੱਚ 12ਵੀਂ ਜਮਾਤ ਦੀ 17 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ। ਘਟਨਾ ਸ਼ੁੱਕਰਵਾਰ ਸਵੇਰੇ 6:30 ਵਜੇ ਵਾਪਰੀ, ਜਦੋਂ ਵਿਦਿਆਰਥਣ ਪੈਦਲ ਸਕੂਲ ਜਾ ਰਹੀ ਸੀ। ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਨਾਮਕ ਵਿਅਕਤੀ ਨੇ ਆਪਣੀ ਇਨੋਵਾ ਕਾਰ ਵਿੱਚ ਉਸ ਨੂੰ ਸਕੂਲ ਛੱਡਣ ਦਾ ਬਹਾਨਾ ਬਣਾ ਕੇ ਬਿਠਾ ਲਿਆ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਰਸਤੇ ਵਿੱਚ, ਉਸ ਨੇ ਵਿਦਿਆਰਥਣ ਨੂੰ ਕੋਲਡ ਡਰਿੰਕ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਤਿੰਦਰ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਫਿਰ ਉਸ ਨੂੰ ਮੁੰਡੀਆਂ ਕਲਾਂ ਨੇੜੇ ਸਰਕਾਰੀ ਸਕੂਲ ਦੀ ਪਿਛਲੀ ਗਲੀ ਵਿੱਚ ਸੁੱਟ ਕੇ ਫਰਾਰ ਹੋ ਗਿਆ।

ਵਿਦਿਆਰਥਣ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਦੀ ਧੀ ਘਰ ਵਾਪਸ ਨਾ ਆਈ, ਤਾਂ ਉਹ ਉਸ ਨੂੰ ਲੱਭਣ ਨਿਕਲੀ। ਉਸ ਨੇ ਆਪਣੀ ਧੀ ਨੂੰ ਬੇਹੋਸ਼ ਹਾਲਤ ਵਿੱਚ ਮੁੰਡੀਆਂ ਕਲਾਂ ਦੀ ਗਲੀ ਵਿੱਚ ਪਾਇਆ। ਵਿਦਿਆਰਥਣ ਨੇ ਦੱਸਿਆ ਕਿ ਜਤਿੰਦਰ ਨੇ ਉਸ ਨੂੰ ਸਕੂਲ ਲਿਜਾਣ ਦੀ ਬਜਾਏ ਕਿਸੇ ਹੋਰ ਜਗ੍ਹਾ ਲੈ ਜਾ ਕੇ ਬਲਾਤਕਾਰ ਕੀਤਾ ਅਤੇ ਧਮਕੀਆਂ ਦੇ ਕੇ ਭੱਜ ਗਿਆ।

ਮਾਂ ਦੇ ਬਿਆਨ ’ਤੇ ਜਮਾਲਪੁਰ ਥਾਣੇ ਦੀ ਪੁਲਿਸ ਨੇ ਜਤਿੰਦਰ ਸਿੰਘ ਵਿਰੁੱਧ IPC ਦੀ ਧਾਰਾ 376 ਅਤੇ ਪੋਕਸੋ ਐਕਟ 2012 ਦੀ ਧਾਰਾ 6 ਅਧੀਨ ਮਾਮਲਾ ਦਰਜ ਕੀਤਾ। ਦੋਸ਼ੀ ਅਜੇ ਫਰਾਰ ਹੈ, ਅਤੇ ਪੁਲਿਸ ਉਸ ਦੀ ਭਾਲ ਵਿੱਚ ਜੁਟੀ ਹੋਈ ਹੈ।