Manoranjan Punjab

ਪਿਤਾ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬੀ ਅਦਾਕਾਰਾ ਤਾਨੀਆ ਦਾ ਬਿਆਨ ਆਇਆ ਸਾਹਮਣੇ

ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੇ ਪਿਤਾ ਡਾ. ਅਨਿਲਜੀਤ ਕੰਬੋਜ ’ਤੇ ਹੋਏ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਬਿਆਨ ਜਾਰੀ ਕੀਤਾ। ਉਨ੍ਹਾਂ ਦੀ ਟੀਮ ਨੇ ਕਿਹਾ ਕਿ ਇਹ ਸਮਾਂ ਪਰਿਵਾਰ ਲਈ ਬਹੁਤ ਨਾਜ਼ੁਕ ਅਤੇ ਭਾਵੁਕ ਹੈ। ਉਨ੍ਹਾਂ ਨੇ ਨਿੱਜਤਾ ਦੀ ਰਾਖੀ ਅਤੇ ਸੰਭਲਣ ਲਈ ਸਮਾਂ ਦੇਣ ਦੀ ਅਪੀਲ ਕੀਤੀ, ਨਾਲ ਹੀ ਝੂਠੀਆਂ ਖ਼ਬਰਾਂ ਤੇ ਅਫ਼ਵਾਹਾਂ ਨਾ ਫੈਲਾਉਣ ਦੀ ਬੇਨਤੀ ਕੀਤੀ।

ਇਹ ਹਮਲਾ ਬੀਤੇ ਕੱਲ੍ਹ ਯਾਨੀ 4 ਜੁਲਾਈ 2025 ਨੂੰ ਮੋਗਾ ਦੇ ਕੋਟ ਈਸੇ ਖਾਂ ’ਚ ਡਾ. ਅਨਿਲਜੀਤ ਕੰਬੋਜ ਦੇ ਹਰਬੰਸ ਨਰਸਿੰਗ ਹੋਮ ’ਚ ਹੋਇਆ। ਦੋ ਅਣ-ਪਛਾਤੇ ਹਮਲਾਵਰਾਂ ਨੇ ਇਲਾਜ ਦੇ ਬਹਾਨੇ ਕਲੀਨਿਕ ’ਚ ਦਾਖਲ ਹੋ ਕੇ ਡਾਕਟਰ ’ਤੇ ਗੋਲ਼ੀਆਂ ਚਲਾਈਆਂ ਅਤੇ ਫਰਾਰ ਹੋ ਗਏ।

ਡਾ. ਕੰਬੋਜ ਨੂੰ ਦੋ ਗੋਲ਼ੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਪਹਿਲਾਂ ਡਾਕਟਰ ਨਾਲ ਗੱਲਬਾਤ ਕਰਨ ਦੇ ਬਹਾਨੇ ਕੈਬਿਨ ’ਚ ਦਾਖਲ ਹੋਏ ਅਤੇ ਅਚਾਨਕ ਫਾਇਰਿੰਗ ਕਰ ਦਿੱਤੀ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ। ਇਸ ਘਟਨਾ ਨੇ ਸਥਾਨਕ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ।