India Punjab Sports

ਹੁਸ਼ਿਆਰਪੁਰ ਦੀ 16 ਸਾਲ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ, ਬੈਡਮਿੰਟਨ ਦੇ Junior Women’s Singles ਦੇ ਫਾਈਨਲ ‘ਚ

ਹੁਸ਼ਿਆਰਪੁਰ ਦੀ 16 ਸਾਲਾ ਤਨਵੀ ਸ਼ਰਮਾ ਨੇ BWF ਸੁਪਰ 300 US ਓਪਨ 2025 ਦੇ ਮਹਿਲਾ ਸਿੰਗਲਜ਼ ਵਿੱਚ ਉਪ-ਜੇਤੂ ਰਹਿ ਕੇ ਜੂਨੀਅਰ ਵਿਸ਼ਵ ਨੰਬਰ 1 ਦਾ ਖਿਤਾਬ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਹਲਚਲ ਮਚਾ ਦਿੱਤੀ ਅਤੇ ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ 50 ਵਿੱਚ ਸਥਾਨ ਬਣਾਇਆ।

ਵਿਸ਼ਵ ਵਿੱਚ 66ਵੇਂ ਸਥਾਨ ‘ਤੇ ਹੋਣ ਦੇ ਬਾਵਜੂਦ, ਤਨਵੀ ਨੇ ਵਿਸ਼ਵ ਨੰਬਰ 23 ਸਮੇਤ ਕਈ ਉੱਚ ਦਰਜੇ ਦੀਆਂ ਖਿਡਾਰਨਾਂ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੈਲੀਫੋਰਨੀਆ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਉਹ ਅਮਰੀਕਾ ਦੀ ਓਲੰਪੀਅਨ ਬੀਵੇਨ ਝਾਂਗ ਨਾਲ ਤਿੰਨ ਗੇਮਾਂ ਦੇ ਸਖਤ ਮੁਕਾਬਲੇ ਵਿੱਚ 10-21 ਨਾਲ ਹਾਰ ਗਈ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ।

ਤਨਵੀ ਨੇ ਮੰਨਿਆ ਕਿ ਫਾਈਨਲ ਦੌਰਾਨ ਉਹ ਘਬਰਾਹਟ ਦਾ ਸ਼ਿਕਾਰ ਹੋਈ ਅਤੇ ਕਈ ਗਲਤੀਆਂ ਕੀਤੀਆਂ, ਪਰ ਉਹ ਹੁਣ ਇਨ੍ਹਾਂ ਨੂੰ ਸੁਧਾਰ ਕੇ ਅਗਲੇ ਮਹੀਨੇ ਹੋਣ ਵਾਲੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਦਾ ਟੀਚਾ ਰੱਖਦੀ ਹੈ।ਤਨਵੀ ਦਾ ਸਫਰ ਪ੍ਰੇਰਨਾਦਾਇਕ ਹੈ। ਉਸ ਨੇ 6 ਸਾਲ ਦੀ ਉਮਰ ਵਿੱਚ ਬੈਡਮਿੰਟਨ ਸ਼ੁਰੂ ਕੀਤਾ ਅਤੇ ਸ਼ੁਰੂਆਤ ਤੋਂ ਹੀ ਉਸ ਦੀ ਪ੍ਰਤਿਭਾ ਸਪੱਸ਼ਟ ਸੀ। ਉਸ ਨੇ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ 4 ਸਾਲ ਤੋਂ ਵੱਧ ਸਮੇਂ ਤੱਕ ਸਿਖਲਾਈ ਲਈ, ਜਿੱਥੇ ਉਸ ਨੇ ਭਾਰਤ ਦੇ ਚੋਟੀ ਦੇ ਸ਼ਟਲਰਾਂ ਨਾਲ ਆਪਣੇ ਹੁਨਰ ਨੂੰ ਨਿਖਾਰਿਆ।

ਉਸ ਦੀ ਮਾਂ ਅਤੇ ਕੋਚ, ਮੀਨਾ ਸ਼ਰਮਾ, ਨੇ ਉਸ ਦੀ ਖੇਡ ਨੂੰ ਸੰਵਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮੀਨਾ ਨੇ ਇਸ ਪ੍ਰਾਪਤੀ ਨੂੰ ਪਰਿਵਾਰ ਦੇ ਸਭ ਤੋਂ ਖੁਸ਼ਹਾਲ ਪਲਾਂ ਵਿੱਚੋਂ ਇੱਕ ਦੱਸਿਆ। ਤਨਵੀ ਦੇ ਪਿਤਾ, ਵਿਕਾਸ ਸ਼ਰਮਾ, ਜੋ ਹੁਸ਼ਿਆਰਪੁਰ ਵਿੱਚ ਏਡੀਸੀ ਦਫਤਰ ਵਿੱਚ ਸੁਪਰਡੈਂਟ ਹਨ, ਨੇ ਵੀ ਉਸ ਦੀ ਸਫਲਤਾ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ 16 ਸਾਲ ਦੀ ਉਮਰ ਵਿੱਚ ਵਿਸ਼ਵ ਪੱਧਰੀ ਖਿਡਾਰੀਆਂ ਨਾਲ ਇੰਨੇ ਆਤਮਵਿਸ਼ਵਾਸ ਨਾਲ ਮੁਕਾਬਲਾ ਕਰਨਾ ਪੰਜਾਬ ਅਤੇ ਭਾਰਤ ਲਈ ਮਾਣ ਵਾਲੀ ਗੱਲ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਵੀ ਨੂੰ ਵਧਾਈ ਦਿੰਦਿਆਂ ਇਸ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤਨਵੀ ਨੇ ਜੂਨੀਅਰ ਮਹਿਲਾ ਸਿੰਗਲਜ਼ ਵਿੱਚ ਅਮਰੀਕੀ ਖਿਡਾਰਨ ਨੂੰ ਹਰਾ ਕੇ ਵਿਸ਼ਵ ਨੰਬਰ 1 ਦਾ ਖਿਤਾਬ ਜਿੱਤਿਆ, ਜੋ ਪੰਜਾਬ ਅਤੇ ਦੇਸ਼ ਲਈ ਮਾਣਮੱਤੀ ਪ੍ਰਾਪਤੀ ਹੈ। ਉਨ੍ਹਾਂ ਨੇ ਤਨਵੀ, ਉਸ ਦੇ ਕੋਚ, ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਸਫਰ ਲਈ ਸ਼ੁਭਕਾਮਨਾਵਾਂ ਦਿੱਤੀਆਂ।