Punjab

ਅਸੀਂ ‘ਆਪ’ ਦੀਆਂ ਦਮਨਕਾਰੀਆਂ ਨੀਤੀਆਂ ਤੋਂ ਨਹੀਂ ਡਰਾਂਗੇ- ਸੁਖਬੀਰ ਸਿੰਘ ਬਾਦਲ

ਮੁਹਾਲੀ :  ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਪੁਲਿਸ ਰਿਮਾਂਡ ਅੱਜ, 2 ਜੁਲਾਈ 2025 ਨੂੰ ਖਤਮ ਹੋ ਰਿਹਾ ਹੈ, ਅਤੇ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਅਣ-ਐਲਾਨੀ ਐਮਰਜੈਂਸੀ ਲਾਗੂ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਬਿਕਰਮ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ ਅਤੇ ਸਮਰਥਕਾਂ ਨੂੰ ਮੁਹਾਲੀ ਜਾਣ ਤੋਂ ਰੋਕਣ ਲਈ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਮੁੱਖ ਸੜਕਾਂ ’ਤੇ ਨਾਕੇ ਲਗਾ ਕੇ ਅਕਾਲੀ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ।

ਸੁਖਬੀਰ ਨੇ ਇਸ ਨੂੰ ਕਾਇਰਤਾ ਅਤੇ ਦਮਨਕਾਰੀ ਕਾਰਵਾਈ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਮਜੀਠੀਆ ਪ੍ਰਤੀ ਵਧ ਰਹੇ ਸਮਰਥਨ ਤੋਂ ਘਬਰਾ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਵਰਕਰ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਡਰਨਗੇ ਅਤੇ ਪੰਜਾਬੀਆਂ ਦੇ ਸਮਰਥਨ ਨਾਲ ਆਮ ਆਦਮੀ ਪਾਰਟੀ ਦੇ ਭ੍ਰਿਸ਼ਟ ਅਤੇ ਤਾਨਾਸ਼ਾਹੀ ਸ਼ਾਸਨ ਨੂੰ ਸਬਕ ਸਿਖਾਇਆ ਜਾਵੇਗਾ।