ਅੱਜ, 1 ਜੁਲਾਈ 2025 ਤੋਂ, ਭਾਰਤੀ ਰੇਲਵੇ ਨੇ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੇ ਕਿਰਾਏ ਵਿੱਚ ਵਾਧਾ ਕਰਕੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਮੇਲ, ਐਕਸਪ੍ਰੈਸ ਅਤੇ ਸੁਪਰਫਾਸਟ ਰੇਲ ਗੱਡੀਆਂ ਵਿੱਚ ਨਾਨ-ਏਸੀ ਕਲਾਸ ਲਈ ਪ੍ਰਤੀ ਕਿਲੋਮੀਟਰ 1 ਪੈਸਾ ਅਤੇ ਏਸੀ ਕਲਾਸ ਲਈ 2 ਪੈਸੇ ਦਾ ਵਾਧਾ ਕੀਤਾ ਗਿਆ ਹੈ। 500 ਕਿਲੋਮੀਟਰ ਤੋਂ ਵੱਧ ਦੀ ਯਾਤਰਾ ’ਤੇ ਇਹ ਨਵਾਂ ਕਿਰਾਇਆ ਲਾਗੂ ਹੋਵੇਗਾ, ਜਦਕਿ 500 ਕਿਲੋਮੀਟਰ ਤੱਕ ਦਾ ਕਿਰਾਇਆ ਅਤੇ ਮਹੀਨਾਵਾਰ ਜਾਂ ਤਿਮਾਹੀ ਕਾਰਡ ਦੀਆਂ ਦਰਾਂ ਪਹਿਲਾਂ ਵਾਂਗ ਹੀ ਰਹਿਣਗੀਆਂ। ਰੇਲਵੇ ਬੋਰਡ ਦੇ ਪ੍ਰਸਤਾਵ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ, ਅਤੇ ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ।
ਇਹ ਵਧਿਆ ਕਿਰਾਇਆ ਸ਼ਤਾਬਦੀ, ਰਾਜਧਾਨੀ, ਤੇਜਸ, ਦੁਰੰਤੋ, ਵੰਦੇ ਭਾਰਤ, ਹਮਸਫਰ, ਅੰਮ੍ਰਿਤ ਭਾਰਤ, ਮਹਾਮਨਾ, ਗਤੀਮਾਨ, ਅੰਤਯੋਦਯ, ਗਰੀਬ ਰਥ, ਜਨ ਸ਼ਤਾਬਦੀ, ਯੁਵਾ ਐਕਸਪ੍ਰੈਸ, ਅਨੁਭੂਤੀ ਕੋਚ ਅਤੇ ਏਸੀ ਵਿਸਟਾਡੋਮ ਟ੍ਰੇਨਾਂ ’ਤੇ ਲਾਗੂ ਹੋਵੇਗਾ। ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜ ਅਤੇ ਜੀਐਸਟੀ ਵਿੱਚ ਕੋਈ ਬਦਲਾਅ ਨਹੀਂ ਹੈ। ਕਿਰਾਇਆ ਰਾਊਂਡਿੰਗ ਆਫ ਵਿੱਚ ਵਸੂਲਿਆ ਜਾਵੇਗਾ, ਜਿਵੇਂ 5.04 ਰੁਪਏ ਦੀ ਟਿਕਟ 6 ਰੁਪਏ ਵਿੱਚ ਬੁੱਕ ਹੋਵੇਗੀ। ਪਹਿਲਾਂ ਤੋਂ ਬੁੱਕ ਟਿਕਟਾਂ ’ਤੇ ਨਵਾਂ ਕਿਰਾਇਆ ਲਾਗੂ ਨਹੀਂ ਹੋਵੇਗਾ, ਪਰ 1 ਜੁਲਾਈ ਤੋਂ ਬਾਅਦ ਵਾਲੀਆਂ ਬੁਕਿੰਗ ’ਤੇ ਇਹ ਦਰਾਂ ਲਾਗੂ ਹੋਣਗੀਆਂ।
ਰੇਲ ਮੰਤਰਾਲੇ ਨੇ ਮੀਡੀਆ, ਸਟੇਸ਼ਨਾਂ ’ਤੇ ਐਲਾਨਾਂ ਅਤੇ ਨੋਟਿਸਾਂ ਰਾਹੀਂ ਯਾਤਰੀਆਂ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਕਿਰਾਇਆ ਸੂਚੀ ਜਲਦੀ ਸਟੇਸ਼ਨਾਂ ’ਤੇ ਲਗਾਈ ਜਾਵੇਗੀ। ਇਸ ਦੇ ਨਾਲ ਹੀ, ਅੱਜ ਤੋਂ ਤਤਕਾਲ ਟਿਕਟਾਂ ਲਈ ਆਧਾਰ ਕਾਰਡ ਨਾਲ ਬੈਂਕ ਖਾਤਾ ਤਸਦੀਕ ਕਰਨਾ ਲਾਜ਼ਮੀ ਹੋਵੇਗਾ। ਰਿਜ਼ਰਵੇਸ਼ਨ ਚਾਰਟ ਦਾ ਸਮਾਂ ਵੀ ਬਦਲਿਆ ਗਿਆ ਹੈ, ਜੋ ਹੁਣ ਟ੍ਰੇਨ ਦੀ ਰਵਾਨਗੀ ਤੋਂ 8 ਘੰਟੇ ਪਹਿਲਾਂ ਤਿਆਰ ਹੋਵੇਗਾ। ਉਦਾਹਰਣ ਵਜੋਂ, ਦੁਪਹਿਰ 2 ਵਜੇ ਦੀ ਟ੍ਰੇਨ ਦਾ ਚਾਰਟ ਪਿਛਲੀ ਰਾਤ 9 ਵਜੇ ਤਿਆਰ ਹੋਵੇਗਾ।
ਇਸ ਤੋਂ ਇਲਾਵਾ, ਨਵੀਂ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ (PRS) ਵੀ ਅੱਜ ਤੋਂ ਲਾਗੂ ਹੋ ਗਈ ਹੈ, ਜੋ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ (CRIS) ਦੁਆਰਾ ਵਿਕਸਤ ਕੀਤੀ ਗਈ ਹੈ। ਇਸ ਨਾਲ ਇੱਕ ਮਿੰਟ ਵਿੱਚ 1.5 ਲੱਖ ਤੋਂ ਵੱਧ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜੋ ਯਾਤਰੀਆਂ ਦੀ ਸਹੂਲਤ ਵਧਾਏਗੀ।