Punjab

ਅਕਾਲੀ ਦਲ ਦੇ ਇਰਾਦਿਆਂ ਤੋਂ ਡਰੀ ਪੰਜਾਬ ਸਰਕਾਰ – ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ : ਪੁਲਿਸ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਕੋਠੀ ਵੱਲ ਨੂੰ ਜਾਂਦੇ ਗਰੀਨ ਐਵਨਿਊ ਦੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਮੀਡੀਆ ਸਮੇਤ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਮਜੀਠੀਆ ਦੇ ਨਾਲ ਡਟ ਕੇ ਖੜ੍ਹਾ ਹੈ ਸ਼੍ਰੋਮਣੀ ਅਕਾਲੀ ਦਲ

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਦੇ ਨਾਲ ਡਟ ਕੇ ਖੜ੍ਹਾ ਹੈ। ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ  ਮਜੀਠੀਆ ਵੱਲੋਂ ਸਰਕਾਰ ਨੂੰ ਦਰਕਿਨਾਰ ਕਰਨ ਅਤੇ ਇਸ ਦੇ ਭ੍ਰਿਸ਼ਟ ਅਤੇ ਅਨੈਤਿਕ ਕੰਮਾਂ ਦਾ ਪਰਦਾਫਾਸ਼ ਕਰਨ ਦੇ ਦ੍ਰਿੜ ਢੰਗ ਤੋਂ ਘਬਰਾ ਗਏ ਹਨ।

ਬਾਦਲ ਨੇ ਕਿਹਾ ਕਿ ਅਸੀਂ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਬੇਰਹਿਮ ਕੋਸ਼ਿਸ਼ਾਂ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਕਾਲੀ ਲੀਡਰਸ਼ਿਪ ਵਿਰੁੱਧ ਰਾਜਨੀਤਿਕ ਬਦਲਾਖੋਰੀ ਸ਼ੁਰੂ ਕੀਤੀ ਗਈ ਹੈ।

ਝੂਠੇ ਮਾਮਲੇ ਦਰਜ ਕਰਨਾ ਇੱਕ ਅਪਰਾਧਿਕ ਕਾਰਵਾਈ ਹੈ। ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਅਜਿਹੇ ਸਾਰੇ ਝੂਠੇ ਮਾਮਲਿਆਂ ਅਤੇ ਦਮਨ ਦੀਆਂ ਕਾਰਵਾਈਆਂ ਦੀ ਜਾਂਚ ਯਕੀਨੀ ਤੌਰ ‘ਤੇ ਢੁਕਵੇਂ ਸਮੇਂ ‘ਤੇ ਕੀਤੀ ਜਾਵੇਗੀ। ਮੈਂ ਪੁਲਿਸ ਮੁਲਾਜ਼ਮਾਂ ਨੂੰ ਤਾਕੀਦ ਕਰਦਾ ਹਾਂ ਕਿ ਕਾਨੂੰਨ ਨਾ ਤੋੜਨ, ਕਿਉਂਕਿ ਗਾਰਡ ਬਦਲਣ ਵਿੱਚ ਸਿਰਫ਼ ਡੇਢ ਸਾਲ ਬਾਕੀ ਹੈ।

ਹਰਸਿਮਰਤ ਕੌਰ ਬਾਦਲ ਦੀ CM ਨੂੰ ਚੇਤਾਵਨੀ

ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਇਸ ਸਬੰਧੀ ਕਿਹਾ ਕਿ ਅੱਜ ਜਿਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕੱਠਪੁਤਲੀ ਭਗਵੰਤ ਮਾਨ ਨੇ ਮੇਰੇ ਛੋਟੇ ਵੀਰ ਬਿਕਰਮ ਸਿੰਘ ਮਜੀਠੀਆ ਦੇ ਘਰ ਆਪਣੀ ਪੁਲਸ ਭੇਜੀ ਹੈ ਉਸਨੇ ਇੰਦਰਾ ਗਾਂਧੀ ਵੱਲੋਂ ਅੱਜ ਦੇ ਦਿਨ 25 ਜੂਨ 1975 ਨੂੰ ਲਗਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਇੰਦਰਾ ਨੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਓਸੇ ਤਰ੍ਹਾਂ ਅੱਜ ਭਗਵੰਤ ਮਾਨ ਕਰ ਰਿਹਾ ਹੈ ਪਰ ਭਗਵੰਤ ਮਾਨ ਇਹ ਭੁੱਲ ਗਿਆ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਧੱਕੇ ਅੱਗੇ ਨਾ ਕਦੇ ਪਹਿਲਾਂ ਝੁਕਿਆ ਹੈ ਤੇ ਨਾ ਹੁਣ ਝੁਕੇਗਾ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਜ਼ੋਰ ਲਗਾ ਸਕਦਾ ਲਗਾ ਲੈ ਤੂੰ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ, ਤੇਰੇ ਅਤੇ ਤੇਰੀ ਸਰਕਾਰ ਦੇ ਕਾਲੇ ਕਾਰਨਾਮੇ ਇਸੇ ਤਰ੍ਹਾਂ ਜਨਤਾ ਦੀ ਕਚਹਿਰੀ ‘ਚ ਰੱਖਦੇ ਰਹਾਂਗੇ।ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ ਇੱਥੇ ਹੀ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ।

ਰਵਨੀਤ ਬਿੱਟੂ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਵਿਜੀਲੈਂਸ ਦੀ ਦੁਰਵਰਤੋ ਬਹੁਤ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ। ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ, ਉਹ ਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਮਾਨ ਦੇ ਜਾਂ ਸਰਕਾਰ ਦੀ ਨਾਕਾਮੀ ’ਤੇ ਸਵਾਲ ਚੁੱਕ ਦਾ ਹੈ, ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਰਹੇ ਹੋ, ਪਰ ਜਿਹੜੇ ਕੰਡੇ ਆਪਣੀ ਨਿੱਜੀ ਜ਼ਿੰਦਗੀ ’ਚ ਬੀਜ ਰਹੇ ਹੋ, ਇਹ 2027 ਤੋਂ ਬਾਅਦ ਚੁਗਣੇ ਮੁਸ਼ਕਿਲ ਹੋ ਜਾਣੇ ਹਨ।

ਦੂਜੇ ਬੰਨੇ ਮਜੀਠੀਆ ਦੀ ਕੋਠੀ ਵਿਖੇ ਵਿਜੀਲੈਂਸ ਰੇਡ ਦੇ ਵਿਰੋਧ ਵਿਚ ਪੁੱਜੇ ਅਕਾਲੀ ਆਗੂਆਂ, ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਕੌਂਸਲਰ ਇੰਦਰਜੀਤ ਸਿੰਘ ਪੰਡੋਰੀ, ਅਵਤਾਰ ਸਿੰਘ ਟਰੱਕਾਂ ਵਾਲੇ ਤੇ ਹੋਰ ਆਗੂ ਸ਼ਾਮਿਲ ਹਨ, ਵਲੋਂ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।