ਲੁਧਿਆਣਾ ਦੇ ਪੱਛਮੀ ਹਲਕੇ ’ਚ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਉਨ੍ਹਾਂ ਨੇ 10 ਹਜ਼ਾਰ ਤੋਂ ਵੱਧ ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕੁੱਲ 35179 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ 24542 ਵੋਟਾਂ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ 20323 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ 8203 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ।’ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ।
ਜਿਵੇਂ ਹੀ ਗਿਣਤੀ ਦੇ ਤਿੰਨ ਗੇੜ ਪੂਰੇ ਹੋਏ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਪਛਾੜਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ-ਜਿਵੇਂ ਗੇੜ ਅੱਗੇ ਵਧਦੇ ਗਏ ਸੰਜੀਵ ਅਰੋੜਾ ਲੀਡ ਲੈਂਦੇ ਗਏ। ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਪੱਛੜਦੇ ਰਹੇ। ਅੰਤ ਸੰਜੀਵ ਅਰੋੜਾ ਇਸ ਸੀਟ ਤੋਂ ਬਾਜ਼ੀ ਮਾਰ ਗਏ।